ਬਰਨਾਲਾ, 27,ਮਾਰਚ/ਕਰਨਪ੍ਰੀਤ ਕਰਨ /- ਭਾਰਤੀ ਜਨਤਾ ਪਾਰਟੀ ਦੇ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਜ਼ਟ ਨੂੰ ਪੰਜਾਬ ਦੇ ਲੋਕਾ ਨਾਲ ਧੋਖਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਤੋਂ ਪਾਸਾ ਵੱਟ ਲਿਆ ਹੈ।
ਉਹਨਾਂ ਇਸ ਬਜਟ ਨੂੰ ਦਿਸ਼ਾਹੀਣ, ਖੇਤੀਬਾੜੀ ਵਿਰੋਧੀ, ਵਪਾਰੀ ਵਿਰੋਧੀ ਦੱਸਦਿਆਂ ਕਿਹਾ ਕਿ ਇਹ ਬਜ਼ਟ ਆਰਥਿਕ ਤੌਰ ‘ਤੇ ਸੰਕਟ ਵੱਲ ਲੈ ਕੇ ਜਾ ਰਿਹਾ ਹੈ। ਵਿੱਤੀ ਸੰਜਮ ਅਤੇ ਵਿਕਾਸ ਦੇ ਉੱਚੇ ਦਾਅਵਿਆਂ ਦੇ ਬਾਵਜੂਦ, ਇਹ ਬਜਟ ਆਪ ਸਰਕਾਰ ਦੀ ਅਯੋਗਤਾ ਅਤੇ ਅਸਲ ਵਿੱਚ ਕਿਸੇ ਵੀ ਵਾਅਦੇ ਨੂੰ ਪੂਰਾ ਨਾ ਕਰਨ ਦੀ ਗਵਾਹੀ ਦਿੰਦਾ ਹੈ। ਪੰਜਾਬ ਦੀ ਆਰਥਿਕਤਾ ਪਹਿਲਾਂ ਹੀ ਭਾਰੀ ਕਰਜ਼ੇ ਦੇ ਭਾਰ ਹੇਠ ਆਈ ਹੋਈ ਹੈ, ਪਰ ਇਸ ਬਜਟ ਵਿੱਚ ਕਿਸੇ ਤਰੀਕੇ ਨਾਲ ਰਾਹਤ ਦੇਣ ਦੀ ਬਜਾਏ, ਰਾਜ ਨੂੰ ਹੋਰ ਵੱਡੀ ਵਿੱਤੀ ਸੰਕਟ ਵਿੱਚ ਧੱਕਣ ਦੀ ਤਿਆਰੀ ਕੀਤੀ ਗਈ ਹੈ। ਸਰਕਾਰ ਨੌਕਰੀਆਂ ਪੈਦਾ ਕਰਨ, ਉਦਯੋਗੀਕ ਵਿਕਾਸ ਨੂੰ ਉਤਸ਼ਾਹਤ ਕਰਨ ਜਾਂ ਪੰਜਾਬ ਦੀ ਖੇਤੀ ਸੰਕਟ ਲਈ ਕਿਸੇ ਅਸਲ ਹੱਲ ਦੀ ਪੇਸ਼ਕਸ਼ ਕਰਨ ਵਿੱਚ ਫੇਲ ਰਹੀ ਹੈ। ਆਪ ਸਰਕਾਰ ਨੇ ਕਰਜ਼ੇ ਦੀ ਹੱਦ ਪਾਰ ਕਰਦੇ ਹੋਏ ਪੰਜਾਬ ਸਿਰ 1 ਲੱਖ ਕਰੋੜ ਦਾ ਹੋਰ ਵਾਧਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਬੇਇੰਤਹਾ ਕਰਜ਼ਾ ਲੈ ਰਹੀ ਹੈ, ਜਿਸ ਨਾਲ ਪੰਜਾਬ ਨੂੰ ਹੋਰ ਵੱਡੀ ਵਿੱਤੀ ਤਬਾਹੀ ਵੱਲ ਧੱਕਿਆ ਜਾ ਰਿਹਾ ਹੈ, ਪਰ ਆਮਦਨ ਵਧਾਉਣ ਦੀ ਕੋਈ ਯੋਜਨਾ ਨਹੀਂ। ਆਪ ਸਰਕਾਰ ਨੇ ਕਿਸਾਨਾਂ ਨੂੰ ਫ਼ਸਲਾਂ ਉਪਰ ਦਿੱਤੀ ਜਾ ਰਹੀ ਐਮਐਸਪੀ ਤੋਂ ਵੀ ਕਿਨਾਰਾ ਕਰ ਲਿਆ ਹੈ। ਉਥੇ ਪੰਜਾਬ ਦੀਆਂ ਔਰਤਾਂ ਨਾਲ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਤਿੰਨ ਸਾਲ ਬਾਅਦ ਵੀ ਇਹ ਵਾਅਦਾ ਪੂਰਾ ਨਹੀਂ ਕਰ ਸਕੀ। ਜਦਕਿ ਦਿੱਲੀ ਵਿੱਚ ਬੀਜੇਪੀ ਸਰਕਾਰ ਨੇ ਇੱਕ ਮਹੀਨੇ ਵਿੱਚ ਹੀ ਔਰਤਾਂ ਨਾਲ ਵਾਅਦਾ ਪੂਰਾ ਕਰ ਦਿੱਤਾ ਹੈ।
ਕੇਵਲ ਢਿੱਲੋਂ ਨੇ ਕਿਹਾ ਕਿ ਸਿੱਖਿਆ ਤੇ ਸਿਹਤ ‘ਤੇ ਖੋਖਲੇ ਵਾਅਦੇ ਵੱਡੇ ਐਲਾਨਾਂ ਦੇ ਬਾਵਜੂਦ, ਹਕੀਕਤ ਏਹ ਹੈ ਕਿ ਸਰਕਾਰੀ ਸਕੂਲ ਅਤੇ ਹਸਪਤਾਲ ਅਜੇ ਵੀ ਬੁਨਿਆਦੀ ਸੁਵਿਧਾਵਾਂ ਤੋਂ ਵੰਚਿਤ ਹਨ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਅਜੇਹੀ ਸਰਕਾਰ ਦੀ ਲੋੜ ਹੈ ਜੋ ਹਕੀਕਤ ਵਿੱਚ ਵਿਕਾਸ ਤੇ ਧਿਆਨ ਦੇਵੇ, ਨਾ ਕਿ ਖੋਕਲੇ ਵਾਅਦੇ ਅਤੇ ਝੂਠੀਆਂ ਯੋਜਨਾਵਾਂ ਦੀ ਆੜ ਵਿੱਚ ਲੋਕਾਂ ਨੂੰ ਠੱਗੇ। ਭਾਜਪਾ ਪੰਜਾਬ ਦੇ ਹੱਕਾਂ ਲਈ ਲੜਨ ਲਈ ਵਚਨਬੱਧ ਹੈ।