ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ, 7 ਗੱਡੀਆਂ ਦੇ ਕੱਟੇ ਚਲਾਨ

ਸਕੂਲਾਂ ਦੇ ਪ੍ਰਬੰਧਕ ਝਾੜ ਲੈਂਦੇ ਹਨ ਪੱਲਾ ਕਿ ਸਕੂਲ ਦੀ ਆਪਣੀ ਕੋਈ ਵੀ ਵੈਨ ਨਹੀ ਹੈ ਚਲਾਉਂਦੇ ਹਨ ਪ੍ਰਾਈਵੇਟ ਕੰਨਟਰੈਕਟਰ

ਸਕੂਲਾਂ ਵੱਲੋਂ ਨਿਯਮਾਂ ਦੀ ਪਾਲਣ ਨਹੀਂ ਕੀਤੀ ਜਾ ਰਹੀ ਹੁਣ ਸਖਤੀ ਨਾਲ ਕੀਤੀ ਜਾਵੇਗੀ ਕਾਰਵਾਈ

ਬਰਨਾਲਾ, 19 ਮਾਰਚ/ਕਰਨਪ੍ਰੀਤ ਕਰਨ /-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਆਈ.ਏ.ਐਸ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੈਕਰਡ ਹਾਰਟ ਕੌਨਵੈਂਟ ਸਕੂਲ, ਸੇਂਟਜੋਜ਼ਫ਼ ਕੌਨਵੈਂਟ ਸਕੂਲ, ਐਸ.ਬੀ.ਐਸ ਪਬਲਿਕ ਸਕੂਲ,ਕੋਠੇ ਸੁਰਜੀਤਪੁਰਾ ਦੀਆਂ ਸਕੂਲ ਵੈਨਾਂ ਦੀ ਚੈਕਿੰਗ ਕੀਤੀ ਗਈ ਅਤੇ 7 ਸਕੂਲੀ ਬੱਸਾਂ ਜੋ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਸਨ,ਉਨ੍ਹਾਂ ਦੇ ਚਲਾਨ ਕੱਟੇ ਗਏ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਟੀਮ ਵਲੋਂ ਸਮੇਂ-ਸਮੇਂ ‘ਤੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਡਰਾਇਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਜਿਵੇ ਸੀ.ਸੀ.ਟੀ.ਵੀ ਕੈਮਰਾ, ਖਿੜਕੀ ‘ਤੇ ਲੋਹੇ ਦੀ ਗਰਿੱਲ, ਮੁਢਲੀ ਸਹਾਇਤਾ ਬਾਕਸ,ਮਹਿਲਾ ਕਡੰਕਟਰ,ਅੱਗ ਬੁਝਾਊ ਯੰਤਰ, ਲਾਇਸੈਂਸ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਦੱਸਿਆ ਕਿ ਇਹ ਚੈਕਿੰਗ 1 ਅਪ੍ਰੈਲ ਤੋਂ ਲਗਾਤਾਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਦੁਆਰਾ ਇਹ ਕਹਿ ਕੇ ਆਪਣਾ ਪੱਲਾ ਝਾੜਿਆ ਜਾਂਦਾ ਹੈ ਕਿ ਸਕੂਲ ਦੀ ਆਪਣੀ ਕੋਈ ਵੀ ਵੈਨ ਨਹੀ ਹੈ। ਸਾਰੀਆਂ ਵੈਨਾਂ ਪ੍ਰਾਈਵੇਟ ਕਾਨਟਰੈਕਟਰ ਦੁਆਰਾ ਚਲਾਈਆਂ ਜਾ ਰਹੀਆਂ ਹਨ ਪਰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਮੁਤਾਬਿਕ ਬੱਚਿਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਕੂਲ ਮੈਨੇਜਮੈਂਟ ਦੀ ਹੈ। ਇਸ ਲਈ ਸਕੂਲ ਮੈਨੇਜਮੈਂਟ ਦੀ ਇਹ ਨਿੱਜੀ ਜ਼ਿੰਮੇਵਾਰੀ ਹੈ ਕਿ ਉਹ ਸਾਰੀਆਂ ਵੈਨਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਢੁਕਵਾਂ ਬਣਾਉਣ।
ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਰੁਪਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਟੀਮ ਵੱਲੋਂ ਵਾਰ ਵਾਰ ਪਾਲਿਸੀ ਦੀਆਂ ਹਦਾਇਤਾਂ ਸਬੰਧੀ ਜਾਗਰੂਕ ਕਰਨ ਤੋਂ ਬਾਅਦ ਵੀ ਕਈ ਸਕੂਲਾਂ ਵੱਲੋਂ ਨਿਯਮਾਂ ਦੀ ਪਾਲਣ ਨਹੀਂ ਕੀਤੀ ਜਾ ਰਹੀ ਜਿਸ ‘ਤੇ ਹੁਣ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਿੱਚੋਂ ਸ਼੍ਰੀ ਬਲਵਿੰਦਰ ਸਿੰਘ, ਜ਼ਿਲ੍ਹਾ ਟ੍ਰਰਾਂਸਪੋਰਟ ਵਿਭਾਗ ਵੱਲੋਂ ਏ.ਐਸ.ਆਈ ਗੁਰਚਰਨ ਸਿੰਘ, (ਟ੍ਰੈਫਿਕ ਐਜੂਕੇਸ਼ਨ ਸੈਲ) ਹੌਲਦਾਰ ਹਰਪ੍ਰੀਤ ਕੌਰ ,ਸਿੱਖਿਆ ਵਿਭਾਗ ਵਿਚੋਂ ਸ੍ਰੀ ਨੀਰਜ ਕੁਮਾਰ ਚੈਕਿੰਗ ਟੀਮ ਵਿਚ ਸ਼ਾਮਲ ਸਨ।