ਜ਼ਿਲ੍ਹਾ ਮਾਨਸਾ ਦੇ ਦੋ ਡੀਐਸਪੀ ਅਫਸਰਾਂ ਨੂੰ ਆਪਣੀ ਖੇਡ ਪ੍ਰਤਿਭਾ ਅਤੇ ਹੁਨਰ ਨਾਲ ਪੰਜਾਬ ਪੁਲਿਸ ਅਤੇ ਪੰਜਾਬ ਦਾ ਨਾਮ ਕੀਤਾ ਰੋਸ਼ਨ।

ਦੋਵਾਂ ਅਫਸਰਾਂ ਨੂੰ ਵਾਧਾ ਦੇਣ ਦੀ ਖੇਡ ਪ੍ਰੇਮੀਆਂ ਨੇ ਮੁੱਖ ਮੰਤਰੀ ਕੋਲ ਰੱਖੀ ਮੰਗ  

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੁਲਿਸ ਦੀ ਨੌਕਰੀ ਤੋਂ ਸੇਵਾ-ਮੁਕਤ ਹੋਣ ਦੇ ਨੇੜੇ ਲੱਗੇ ਪੰਜਾਬ ਪੁਲਿਸ ਦੇ 58 ਵਰਿ੍ਹਆਂ ਦੇ 2 ਉੱਚੇ-ਲੰਮੇ ਗੱਭਰੂ ਹਾਲੇ ਵੀ ਗੁੰਦਮੇ ਸਰੀਰ, ਆਪਣੀਆਂ ਬੜ੍ਹਕਾਂ ਅਤੇ ਖੇਡਾਂ ਨਾਲ ਜੁੜੇ ਹੋਣ ਕਰਕੇ ਵੱਖਰੇ ਤੌਰ ਤੇ ਪਹਿਚਾਣੇ ਜਾਂਦੇ ਹਨ। ਬੇਸ਼ੱਕ ਉਹ ਉਮਰ ਦਾ ਵੱਡਾ ਪੜਾਅ ਪੂਰਾ ਕਰਕੇ ਨੌਕਰੀ ਤੋਂ ਸੇਵਾ ਮੁਕਤ ਹੋਣ ਜਾ ਰਹੇ ਹਨ। ਪਰ ਗੁੰਦਮੇ ਸਰੀਰ ਦੀਆਂ ਜਵਾਨੀ ਵੇਲੇ ਦੀਆਂ ਵਜਦੀਆਂ ਬੜ੍ਹਕਾਂ ਅੱਜ ਵੀ ਕਾਇਮ ਹਨ। ਉਨ੍ਹਾਂ ਨੂੰ ਦੇਖ ਕੇ ਯਕੀਨ ਨਹੀਂ ਹੁੰਦਾ ਕਿ ਉਹ ਇਨੇ ਵੱਡੇ ਹੋ ਗਏ ਅਤੇ ਨੌਕਰੀ ਤੋਂ ਸੇਵਾ ਮੁਕਤ ਹੋ ਰਹੇ ਹਨ। 58 ਵਰਿ੍ਹਆਂ ਦੇ ਹੋ ਕੇ 38 ਸਾਲ ਦਾ ਭੁਲੇਖਾ ਪਾਉਂਦੇ ਮਾਨਸਾ ਦੇ 2 ਡੀ.ਐੱਸ.ਪੀ ਪਰਮਜੀਤ ਸਿੰਘ ਸੰਧੂ ਅਤੇ ਗਮਦੂਰ ਸਿੰਘ ਚਹਿਲ ਗੱਭਰੂਆਂ ਨੂੰ ਹਟ ਪਿੱਛੇ ਕਹਿਣ ਦੀ ਜੁਰਤ ਰੱਖਦੇ ਹਨ। ਇਹ ਪੰਜਾਬ ਪੁਲਿਸ ਦੇ ਗੱਭਰੂ 31 ਮਾਰਚ 2025 ਨੂੰ ਆਪਣੀ ਡੀ.ਐੱਸ.ਪੀ ਦੀ ਨੌਕਰੀ ਤੋਂ ਸੇਵਾ ਮੁਕਤ ਹੋ ਜਾਣਗੇ। ਇੱਕ ਭਗਵਾਨਪੁਰ ਹੀਂਗਣੇ ਵਾਲਾ ਪਰਮਜੀਤ ਸਿੰਘ ਸੰਧੂ, ਦੂਜਾ ਖਨੋਰੀ ਵਾਲਾ ਗਮਦੂਰ ਸਿੰਘ ਚਹਿਲ ਡੀ.ਐੱਸ.ਪੀ ਬੁਢਲਾਡਾ। ਦੋਵਾਂ ਨੇ ਐਥਲੈਟੀਕਸ ਦੀ ਦੁਨੀਆਂ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਦਾ ਝੰਡਾ ਬੁਲੰਦ ਕੀਤਾ ਹੋਇਆ ਹੈ। ਪਰਮਜੀਤ ਸਿੰਘ ਉੱਚੀ ਛਾਲ ਵਿੱਚ ਪੰਜਾਬ ਦਾ ਰਿਕਾਰਡ ਹੋਲਡਰ ਬਣਿਆ ਅਤੇ ਗਮਦੂਰ ਸਿੰਘ 10 ਈਵੈਂਟਾਂ ਵਾਲੀ ਖੇਡ ਡਿਕੈਥਲਨ ਵਿੱਚ ਰਿਕਾਰਡ ਬਣਾ ਚੁੱਕਿਆ ਹੈ। ਇਹ ਦੋਵੇਂ ਇਸ ਖੇਡ ਵਿੱਚ ਕਿਸੇ ਨੂੰ ਨੇੜੇ-ਤੇੜੇ ਵੀ ਨਹੀਂ ਆਉਣ ਦਿੰਦੇ। ਪਰਮਜੀਤ ਸਿੰਘ ਅਤੇ ਗਮਦੂਰ ਸਿੰਘ ਨੇ ਆਪਣੇ ਖਰਚੇ ਤੇ 50 ਸਾਲੇ ਗਭਰੇਟਾ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੋਈਆਂ ਖੇਡਾਂ ਵਿੱਚ ਹਿੱਸਾ ਲੈ ਕੇ ਭਾਰਤ ਲਈ 2 ਚਾਂਦੀ ਦੇ ਮੈਡਲ ਜਿੱਤੇ ਅਤੇ ਪੰਜਾਬ ਪੁਲਿਸ ਅਤੇ ਪੰਜਾਬ ਦਾ ਨਾਮ ਉੱਚਾ ਕੀਤਾ। ਪਰਮਜੀਤ ਸਿੰਘ ਨੇ ਉੱਚੀ ਛਾਲ ਅਤੇ ਗਮਦੂਰ ਸਿੰਘ ਡਿਸਕਸ ਥਰੋ ਵਿੱਚ ਚਾਂਦੀ ਦੇ ਮੈਡਲ ਜਿੱਤ ਕੇ ਜਦੋਂ 2017 ਵਿੱਚ ਪੰਜਾਬ ਵਾਪਸ ਆਏ ਸਨ ਤਾਂ ਉਨ੍ਹਾਂ ਨੂੰ ਰੈਂਕ ਦਾ ਅਹੁਦਾ ਦੇਣਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਹੱਕ ਬਣਦਾ ਸੀ। ਪਰ ਹੋਇਆ ਕੁਝ ਨਹੀਂ।

         ਇਸ ਸਬੰਧੀ ਖੇਡ ਕਬੱਡੀ ਦੇ ਅੰਤਰ-ਰਾਸ਼ਟਰੀ ਰੈਫਰੀ ਅਜੈਬ ਸਿੰਘ ਕੈਲੇ, ਖੇਡ ਪ੍ਰੇਮੀ ਅਤੇ ਉੱਘੇ ਲੇਖਕ ਮੈਨੇਜਰ ਕੁਲਵੰਤ ਸਿੰਘ, ਨੌਜਵਾਨ ਗੁਰਜੰਟ ਸਿੰਘ ਚਹਿਲ , ਐਡਵੋਕੇਟ ਗੁਰਵਿੰਦਰ ਸਿੰਘ ਬੀਰੋਕੇ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸਰਕਾਰ ਅਤੇ ਪੁਲਿਸ ਨਸ਼ਿਆਂ ਦੇ ਖਿਲਾਫ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਲੜਾਈ ਲੜ ਰਹੀ ਹੈ। ਅਜਿਹੇ ਸਮੇਂ ਅਜਿਹੇ ਗੱਭਰੂ ਡੀ.ਐੱਸ.ਪੀਜ ਨੂੰ ਰੋਲ-ਮਾਡਲ ਬਣਾ ਕੇ ਪੇਸ਼ ਕਰਨਾ ਲਾਹੇਵੰਦ ਸਾਬਿਤ ਹੋ ਸਕਦਾ ਹੈ। ਇਹ ਦੋਵੇਂ ਗੱਭਰੂ ਜਵਾਨੀ ਨੂੰ ਸਾਂਭਣ ਅਤੇ ਹੰਢਾਉਣ ਦਾ ਬਲ ਜਾਣਦੇ ਹਨ। ਜਿਨ੍ਹਾਂ ਤੋਂ ਨਵੀਂ ਪੀੜ੍ਹੀ, ਨਵੇਂ ਖਿਡਾਰੀ ਵੀ ਪ੍ਰੇਰਣਾ ਲੈ ਸਕਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੋਨਾਂ ਸੱਜਣਾਂ ਨੂੰ ਇਨ੍ਹਾਂ ਦੀ ਕਾਰਗੁਜਾਰੀ, ਖੇਡ ਪ੍ਰਤਿਭਾ ਨੂੰ ਦੇਖਦੇ ਹੋਏ ਉਨ੍ਹਾਂ ਦਾ 58 ਸਾਲ ਤੋਂ ਵਾਧਾ ਕਰਕੇ 60 ਸਾਲਾਂ ਕਰਕੇ ਉਨ੍ਹਾਂ ਦਾ ਰੈਂਕ ਵਧਾ ਕੇ ਬਤੌਰ ਕੋਚ ਪਿੰਡਾਂ ਦੀ ਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਣ ਦਾ ਮੌਕਾ ਦੇਵੇ। ਜਵਾਨੀ ਖੇਡਾਂ ਨਾਲ ਜੁੜੇਗੀ ਤਾਂ ਨਸ਼ਿਆਂ ਅਤੇ ਅਲਾਮਤਾਂ ਤੋਂ ਬਚੀ ਰਹੇਗੀ। ਇਹ ਦੋਵੇਂ ਗੱਭਰੂ ਵਿਹਲੜਾਂ ਨੂੰ ਵੀ ਖੇਡ ਮੈਦਾਨਾਂ ਦੇ ਹੀਰੇ ਬਣਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਦੋਵੇਂ ਡੀ.ਐੱਸ.ਪੀਜ ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਸੇਧ ਦੇ ਸਕਦੇ ਹਨ ਅਤੇ ਨੌਜਵਾਨ ਇਨ੍ਹਾਂ ਦੀ ਫਿਟਨੈੱਸ ਦੇਖ ਕੇ ਖੁਦ ਬ ਖੁਦ ਖੇਡ ਮੈਦਾਨਾਂ ਦਾ ਹਿੱਸਾ ਬਣਨਗੇ।