ਗੁਰੂ ਨਾਨਕ ਕਾਲਜ, ਬੁਢਲਾਡਾ ਵਿਖੇ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ

ਬੁਢਲਾਡਾ ( ਦਵਿੰਦਰ ਸਿੰਘ ਕੋਹਲੀ) ਉੱਤਰੀ ਭਾਰਤ ਦੀ ਸਿਰਮੌਰ ਅਤੇ ਖ਼ੁਦਮੁਖਤਿਆਰ ਸੰਸਥਾ ਗੁਰੂ ਨਾਨਕ ਕਾਲਜ, ਬੁਢਲਾਡਾ ਵਿਚ ਸਾਲਾਨਾ ਕਨਵੋਕੇਸ਼ਨ ਕਰਵਾਈ ਗਈ। ਕਨਵੋਕੇਸ਼ਨ ਵਿਚ ਅੰਡਰ-ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਦੇ 300 ਦੇ ਲਗਭੱਗ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਅਕਾਦਮਿਕ, ਖੇਡ੍ਹਾਂ, ਸੱਭਿਆਚਾਰਕ ਅਤੇ ਐੱਨ.ਸੀ.ਸੀ. ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਕਰਨ ਵਾਲੇ 03 ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, 11 ਵਿਦਿਆਰਥੀਆਂ ਨੂੰ ਕਾਲਜ ਕਲਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੈਰਿਟ ਸੂਚੀ ਵਿਚ ਆਉਣ ਵਾਲੇ 26 ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਇੰਜੀ: ਸ. ਸੁਖਮਿੰਦਰ ਸਿੰਘ, ਸਕੱਤਰ ਵਿਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਪ੍ਰੋਗਰਾਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ, ਕਾਲਜ ਵਿਚ ਚੱਲ ਰਹੇ ਅਤੇ ਭਵਿੱਖ ਵਿਚ ਸ਼ੁਰੂ ਕੀਤੇ ਜਾਣ ਵਾਲੇ ਕੋਰਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸੰਸਥਾ ਦੀ ਸਾਲਾਨਾ ਰਿਪੋਰਟ ਸਾਂਝੀ ਕੀਤੀ। ਇਸ ਕਨਵੋਕੇਸ਼ਨ ਵਿਚ ਹਿੱਸਾ ਲੈਣ ਆਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਸੰਸਥਾ ਦਾ ਮਕਸਦ ਸਿਰਫ਼ ਡਿਗਰੀਆਂ ਤੱਕ ਸੀਮਤ ਨਹੀਂ ਬਲਕਿ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਾਰੇ ਪੱਖਾਂ ਦਾ ਵਿਕਾਸ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰਨਾ ਹੈ।

ਮੁੱਖ ਮਹਿਮਾਨ ਸ. ਸੁਖਮਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਦੀ ਭੂਮਿਕਾ ਸਬੰਧੀ ਵਿਸਥਾਰ ਵਿਚ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਵਿਚ ਪੜ੍ਹ ਰਹੇ ਵਿਦਿਆਰਥੀ ਅਕਾਦਮਿਕ ਗਿਆਨ ਦੇ ਨਾਲ-ਨਾਲ ਗੁਰੂ ਸਾਹਿਬ ਦੇ ਦੱਸੇ ਮਾਰਗ ਉੱਪਰ ਚਲਦਿਆਂ ਨੈਤਿਕ ਕਦਰਾਂ-ਕੀਮਤਾਂ ਰਾਹੀਂ ਚੰਗੇ ਸਮਾਜ ਦੀ ਸਿਰਜਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸਾਡੇ ਜੀਵਨ ਦਾ ਆਧਾਰ ਹੈ, ਪਰ ਇਸ ਦੇ ਨਾਲ ਸਾਨੂੰ ਆਪਣੀ ਵਿਰਾਸਤ ਅਤੇ ਸਭਿਆਚਾਰ ਨੂੰ ਵੀ ਸੰਭਾਲ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੰਸਥਾ ਨੂੰ ਵਧਾਈ ਦਿੱਤੀ ਕਿ ਇਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਲਈ ਮੋਹਰੀ ਭੂਮਿਕਾ ਨਿਭਾਅ ਰਹੀ ਹੈ।

ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਸੰਸਥਾ ਵਿਚ ਪੜ੍ਹੇ ਹਾਂ ਅਤੇ ਰੁਜ਼ਗਾਰ ਲਈ ਸਾਡਾ ਭਵਿੱਖ ਸੁਰੱਖਿਅਤ ਹੈ। ਅੰਡਰ-ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੇ ਕਿਹਾ ਕਿ ਸਾਡੇ ਵਿਚੋਂ ਬਹੁਤੇ ਵਿਦਿਆਰਥੀਆਂ ਨੇ ਉਚੇਰੀ ਸਿੱਖਿਆ (ਮਾਸਟਰ ਡਿਗਰੀ) ਲਈ ਇਸ ਸੰਸਥਾ ਨੂੰ ਹੀ ਪਹਿਲ ਦਿੱਤੀ ਹੈ। ਪੋਸਟ-ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਸਾਨੂੰ ਚੰਗੀਆਂ ਥਾਵਾਂ ਤੇ ਸੇਵਾਵਾਂ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ ਤਾਂ ਇਹ ਇਸ ਸੰਸਥਾ ਦੀ ਬਦੌਲਤ ਹੈ।

ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ, ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਅਤੇ ਰਾਸ਼ਟਰੀ ਯੋਜਨਾ ਵਿਭਾਗ ਵੱਲੋਂ ਸੰਸਥਾ ਵਿਚ ਗੁਰੂ ਹਰਿਰਾਇ ਸਾਹਿਬ ਦੀ ਪਵਿੱਤਰ ਯਾਦ ਨੂੰ ਸਮਰਪਿਤ ਪੌਦੇ ਲਗਾ ਕੇ ‘ਹਰਿਆਵਲ ਲਹਿਰ’ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਨੇ ਸੱਤਰੰਗ 2025 ਦਾ ਪੋਸਟਰ ਰੀਲੀਜ਼ ਕੀਤਾ। ਕਨਵੋਕੇਸ਼ਨ ਦੀ ਸਮਾਪਤੀ ਮੌਕੇ ਧੰਨਵਾਦੀ ਸ਼ਬਦ ਆਖਦਿਆਂ ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਕਿਹਾ ਕਿ ਸ. ਸੁਖਮਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ਾਂ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਸਥਾਵਾਂ ਵੱਡੀਆ ਪ੍ਰਾਪਤੀਆਂ ਕਰ ਰਹੀਆਂ ਹਨ। ਉਨ੍ਹਾਂ ਡਿਗਰੀਆਂ ਤੇ ਸਨਮਾਨ ਪ੍ਰਾਪਤ ਕਰਨ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੰਚ ਦਾ ਸੰਚਾਲਨ ਗੁਰਦੀਪ ਸਿੰਘ ਅਤੇ ਡਾ. ਹਰਵਿੰਦਰਜੀਤ ਸਿੰਘ ਨੇ ਕੀਤਾ।