ਨੇਕੀ ਫਾਉਂਡੇਸ਼ਨ ਦੇ ਉੱਧਮ ਸਦਕਾ 790 ਚਿਹਰਿਆਂ ਨੂੰ ਮਿਲੀ ਨਵੀਂ ਉਮੀਦ

ਮਾਨਸਾ ਅਤੇ ਬੁਢਲਾਡਾ ਲਗਾਇਆ ਬਜ਼ੁਰਗਾਂ ਅਤੇ ਦਿਵਿਆਂਗ ਲਈ ਅਸੈੱਸਮੈਂਟ ਕੈੰਪ, ਇੱਕ ਕਰੋੜ ਤੋਂ ਵੱਧ ਲਾਗਤ ਦਾ ਵੰਡਿਆ ਜਾਵੇਗਾ ਸਮਾਨ

 ਬੁਢਲਾਡਾ ( ਦਵਿੰਦਰ ਸਿੰਘ ਕੋਹਲੀ) ਇਲਾਕੇ ਦੀ ਸਮਾਜਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਬੀਤੇ ਦਿਨੀਂ ਮਾਨਸਾ ਦੇ ਐੱਸ ਡੀ ਕੰਨਿਆ ਮਹਾਂਵਿਦਿਆਲਿਆ ਅਤੇ ਡਾ. ਕ੍ਰਿਸ਼ਨ ਚੰਦ ਗਰਗ ਯਾਦਗਾਰੀ ਨੇਕੀ ਆਸ਼ਰਮ ਵਿੱਚ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਸਹਾਇਤਾ ਉਪਕਰਨ ਵੰਡਣ ਲਈ ਅਲਿਮਕੋ ਦੇ ਸਹਿਯੋਗ ਨਾਲ ਦੋ ਰੋਜ਼ਾ ਅਸੈੱਸਮੈਂਟ ਕੈੰਪ ਲਗਾਇਆ ਗਿਆ ਜਿੱਥੇ 790 ਲੋੜਵੰਦ ਬਜ਼ੁਰਗਾਂ ਅਤੇ ਦਿਵਿਆਂਗ ਨੇ ਭਾਗ ਲਿਆ। ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈੰਪ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੰਨਾਂ ਦੀਆਂ ਮਸ਼ੀਨਾਂ, ਵਹੀਲ ਚੇਅਰ, ਕਮੋਡ ਚੇਅਰ, ਬੈਲਟ, ਬੈਟਰੀ ਵਾਲਾ ਟਰਾਈਸਾਈਕਲ, ਟਰਾਈਸਾਈਕਲ, ਬਲਾਇੰਡ ਸਟੂਡੈਂਟ ਨੂੰ ਸਮਾਰਟ ਫ਼ੋਨ, ਕੈਲੀਪਰ, ਫਹੁੜੀਆਂ ਆਦਿ ਇੱਕ ਕਰੋੜ ਤੋਂ ਵੱਧ ਲਾਗਤ ਦਾ ਸਮਾਨ ਵੰਡਿਆ ਜਾਵੇਗਾ। ਉਹਨਾਂ ਦੱਸਿਆ ਕਿ ਸੰਸਥਾ ਹੁਣ ਤੱਕ ਢਾਈ ਕਰੋੜ ਰੁਪਏ ਦਾ ਸਮਾਨ ਕੇਂਦਰ ਸਰਕਾਰ ਦੀ ਮਦਦ ਨਾਲ ਅਡਿਪ ਅਤੇ ਆਰ ਵੀ ਵਾਈ ਯੋਜਨਾ ਅਧੀਨ ਵੰਡ ਚੁੱਕੀ ਹੈ। ਕੈੰਪ ਵਿੱਚ ਡਾਕਟਰਾਂ ਦੀ ਪਹੁੰਚੀ ਟੀਮ ਵਿੱਚ ਪੀ ਐਂਡ ਓ ਮੁਹੰਮਦ ਨਦੀਮਜ਼ ਆਡੀਓਲੋਜਿਸਟ ਅਮਿਤ ਕੁਮਾਰ, ਡਾ. ਰਵੀ ਕੁਮਾਰ, ਸਾਈਕੋਲੋਜਿਸਟ ਰੇਖਾ ਅਤੇ ਮੈਨੇਜਰ ਵਿਨੈ ਭਾਰਦਵਾਜ ਵੱਲੋਂ ਪਹੁੰਚੇ ਬਜ਼ੁਰਗਾਂ ਅਤੇ ਦਿਵਿਆਂਗ ਦੀ ਅਸੈੱਸਮੈਂਟ ਕੀਤੀ ਗਈ। ਨੇਕੀ ਟੀਮ ਵੱਲੋਂ ਅਲਿਮਕੋ ਦੀ ਟੀਮ ਅਤੇ ਪਹੁੰਚੇ ਪਤਿਵੰਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਯਸ਼ਪਾਲ ਸਿੰਗਲਾ ਭੀਖੀ ਨੇ ਕੈੰਪ ਵਿੱਚ ਵਿਸ਼ੇਸ਼ ਸ਼ਿਰਕਤ ਕੀਤੀ।