ਨਵੀਂ ਦਿੱਲੀ : CWC Meeting : ਕਾਂਗਰਸ ਕਾਰਜਕਾਰਨੀ ਦੀ ਬੈਠਕ ਦਿੱਲੀ ‘ਚ ਪਾਰਟੀ ਹੈੱਡਕੁਆਰਟਰ ‘ਚ ਹੋਈ। ਇਸ ਬੈਠਕ ‘ਚ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮੇਤ ਪਾਰਟੀ ਦੇ 52 ਸੀਨੀਅਰ ਆਗੂ ਮੌਜੂਦ ਹਨ। ਸੋਨੀਆ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ‘ਚ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ। ਭਾਜਪਾ ‘ਤੇ ਹਮਲਾ ਕਰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਲਖੀਮਪੁਰ ਦੀ ਘਟਨਾ ਭਾਜਪਾ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਵੀ ਦੱਸਿਆ। ਸੋਨੀਆ ਗਾਂਧੀ ਨੇ ਕਿਹਾ ਕਿ ਲਖੀਮਪੁਰ ਖੀਰੀ ‘ਚ ਹੈਰਾਨ ਕਰਨ ਵਾਲੀਆਂ ਘਟਨਾਵਾਂ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਦਿਖਾਉਂਦੀ ਹੈ ਕਿ ਉਹ ਕਿਸਾਨਾਂ ਦੇ ਵਿਰੋਧ ਨੂੰ ਕਿਵੇਂ ਲੈਂਦੀ ਹੈ।
ਸੋਨੀਆ ਗਾਂਧੀ ਨੇ ਕਿਹਾ ਕਿ ਵਿਦੇਸ਼ ਨੀਤੀ ਚੋਣ ਲਾਮਬੰਦੀ ਦਾ ਕਰੂਰ ਹਥਿਆਰ ਬਣ ਗਈ ਹੈ, ਅਸੀਂ ਸਰਹੱਦਾਂ ‘ਤੇ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਸੋਨੀਆ ਗਾਂਧੀ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੇ ਭਾਅ 100 ਰੁਪਏ ਦੇ ਪਾਰ ਚਲੇ ਗਏ ਹਨ ਜਿਸ ਨਾਲ ਜਨਤਾ ਹਾਹਾਕਾਰ ਮਚਾ ਰਹੀ ਹੈ। ਰਸੋਈ ਗੈਸ ਦੀ ਕੀਮਤ ਦਾ ਜ਼ਿਕਰ ਕਰਦੇ ਹੋਏ ਸੋਨੀਆ ਨੇ ਕਿਹਾ ਕਿ ਔਰਤਾਂ ਘਰ ਕਿਵੇਂ ਚਲਾਉਣਗੀਆਂ। ਐੱਲਪੀਜੀ ਦੀ ਕੀਮਤ 1000 ਰੁਪਏ ਦੇ ਪਾਰ ਚਲੀ ਗਈ ਹੈ। ਇੱਥੇ ਚਰਚਾ ਕਰ ਦੇਈਏ ਕਿ 18 ਮਹੀਨਿਆਂ ਤੋਂ ਜ਼ਿਆਦਾ ਸਮੇਂ ਬਾਅਦ ਪਹਿਲੀ ਵਾਰ ਕਾਂਗਰਸੀ ਆਗੂਆਂ ਦੀ ਇਹ ਆਫਲਾਈਨ ਬੈਠਕ ਚੱਲ ਰਹੀ ਹੈ।