ਪੈਰਿਸ : ਫਰਾਂਸ ਦੇ ਪ੍ਰਧਾਨ ਮੰਤਰੀ ਜੇਆਨ ਕਾਸਟੇਕਸ ਗੁਆਂਢੀ ਦੇਸ਼ ਬੈਲਜੀਅਮ ਤੋਂ ਪਰਤਣ ਤੋਂ ਬਾਅਦ ਕੋਵਿਡ-19 ਜਾਂਚ ’ਚ ਪਾਜ਼ੇਟਿਵ ਪਾਏ ਗਏ। ਰਾਇਟਰ ਮੁਤਾਬਕ ਉਨ੍ਹਾਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਬੈਲਜੀਅਮ ਦੇ ਪ੍ਰਧਾਨ ਮੰਤਰੀ ਐਲਗਜ਼ੈਂਡਰ ਡੀ ਕਰੂ ਕੁਆਰੰਟਾਈਨ ਹੋ ਗਏ ਹਨ। ਬ੍ਰਸਲਜ਼ ’ਚ ਬੈਲਜੀਅਮ ਦੇ ਪ੍ਰਧਾਨ ਮੰਤਰੀ ਨਾਲ ਇਕ ਬੈਠਕ ’ਚ ਹਿੱਸਾ ਲੈ ਕੇ ਪਰਤਣ ਤੋਂ ਬਾਅਦ ਹੋਈ ਜਾਂਚ ’ਚ ਸੋਮਵਾਰ ਨੂੰ ਕਾਸਟੇਕਸ ਦੀ ਇਕ ਬੇਟੀ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਫਰਾਂਸ ਦੇ ਪ੍ਰਧਾਨ ਮੰਤਰੀ ਨੇ ਦੋ ਹੋਰ ਟੈਸਟ ਕਰਵਾਏ ਜਿਸ ’ਚ ਵੀ ਉਹ ਪਾਜ਼ੇਟਿਵ ਪਾਏ ਗਏ ਹਨ। ਬੈਲਜੀਅਮ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕਿਹਾ ਕਿ ਡੇ ਕਰੂ ਮੰਗਲਵਾਰ ਨੂੰ ਜਾਂਚ ਕਰਵਾਉਣਗੇ ਤੇ ਰਿਪੋਰਟ ਸਾਹਮਣੇ ਆਉਣ ਤਕ ਉਹ ਸੈਲਫ-ਆਈਸੋਲੇਸ਼ਨ ’ਚ ਰਹਿਣਗੇ। ਫਰਾਂਸ ’ਚ 75 ਫ਼ੀਸਦੀ ਆਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ। ਹਾਲ ਹੀ ਦੇ ਹਫ਼ਤਿਆਂ ’ਚ ਦੇਸ਼-ਵਿਆਪੀ ਪੱਧਰ ’ਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਨਫੈਕਸ਼ਨ ਕਾਰਨ ਹਸਪਤਾਲ ’ਚ ਦਾਖ਼ਲ ਮਰੀਜ਼ ਤੇ ਮੌਤਾਂ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ।