ਬੁਢਲਾਡਾ (ਦਵਿੰਦਰ ਸਿੰਘ ਕੋਹਲੀ) –ਉੱਤਰੀ ਭਾਰਤ ਦੀ ਸਿਰਮੌਰ ਖ਼ੁਦਮੁਖ਼ਤਿਆਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਵੱਖ ਵੱਖ ਵਿਭਾਗਾਂ ਦੁਆਰਾ ਕੌਮਾਂਤਰੀ ਨਾਰੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਨਾਰੀ ਦਿਹਾੜੇ ਦੀਆਂ ਸਮੁੱਚੇ ਸਟਾਫ਼ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਅੱਜ ਸੰਸਥਾ ਵਿਚ ਵੂਮੈਨ ਇੰਮਪਾਵਰਮੈਂਟ ਸੈੱਲ, ਅੰਗਰੇਜ਼ੀ, ਪੰਜਾਬੀ, ਕੰਪਿਊਟਰ ਸਾਇੰਸ ਅਤੇ ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ, ਪੋਸਟਰ ਮੁਕਾਬਲੇ ਅਤੇ ਸੰਵਾਦ ਰੱਖ ਕੇ ਪ੍ਰੋਗਰਾਮ ਨੂੰ ਵੱਖ ਵੱਖ ਤਰੀਕੇ ਨਾਲ ਵੱਡੇ ਪੱਧਰ ਤੇ ਮਨਾਇਆ ਗਿਆ ਹੈ। ਉਨ੍ਹਾਂ ਪ੍ਰੋਗਰਾਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਸਾਡੀ ਸੰਸਥਾ ਦਾ ਮੁੱਖ ਉਦੇਸ਼ ਹੀ ਚੰਗੇ ਸਮਾਜ ਦਾ ਨਿਰਮਾਣ ਕਰਨਾ ਹੈ।ਇਸ ਦਿਵਸ ਨੂੰ ਸਮਰਪਿਤ ਅੰਗਰੇਜ਼ੀ ਵਿਭਾਗ ਦੇ ਲਿਟਰਾਟੀ ਕਲੱਬ ਵੱਲੋਂ ਆਨਲਾਈਨ ਮੋਡ ਵਿੱਚ ਫਿਟਨੈਸ ਐਂਡ ਨਿਊਟਰੀਸ਼ਨ ਫਿਊਚਰ ਉੱਤੇ ਸੈਮੀਨਾਰ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਦੇ ਅੰਤਰ ਵਿਭਾਗੀ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 30 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਭਾਗ ਦੇ ਮੁਖੀ ਡਾ. ਰੁਪਿੰਦਰਜੀਤ ਕੌਰ ਨੇ ਇਸ ਦਿਹਾੜੇ ਦੀ ਮਹੱਤਤਾ ਸਬੰਧੀ ਸੰਖੇਪ ਵਿੱਚ ਚਰਚਾ ਕੀਤੀ। ਮੁੱਖ ਵਕਤਾ ਡਾ. ਵਿਬਾ ਔਜਸ ਨੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਅਤੇ ਬਿਮਾਰੀਆਂ ਨੂੰ ਦੂਰ ਕਰਨ ਦੇ ਬਹੁਤ ਸਾਰੇ ਤਰੀਕੇ ਦੱਸੇ, ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਦੇ ਭੋਜਨ ਨਾਲ ਅਸੀਂ ਡਾਇਬਿਟੀਜ, ਥਾਇਰਾਇਡ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੜ ਸਕਦੇ ਹਾਂ ਅਤੇ ਆਪਣੀ ਸਿਹਤ ਨੂੰ ਸਵੱਸਥ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਸਮਾਜ ਵਿਚ ਔਰਤ ਹੀ ਸਿਹਤਮੰਦ ਨਹੀਂ ਹੋਵੇਗੀ ਤਾਂ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। ਵਿਭਾਗ ਵਲੋਂ ਕਰਵਾਏ ਪੋਸਟਰ ਮੇਕਿੰਗ ਮੁਕਾਬਲਿਆਂ ਦੀ ਜਜਮੈਂਟ ਲਈ ਡਾ. ਹਰਵਿੰਦਰਜੀਤ ਸਿੰਘ ਮੁਖੀ ਲਾਈਬਰੇਰੀ ਸਾਇੰਸ ਵਿਭਾਗ, ਪ੍ਰੋ. ਨੀਲਮ ਰਾਣੀ, ਫੈਸ਼ਨ ਟੈਕਨੋਲੋਜੀ ਵਿਭਾਗ, ਪ੍ਰੋ. ਜਗਪ੍ਰੀਤ ਸਿੰਘ ਕੋਮਲ ਕਲਾਵਾਂ ਵਿਭਾਗ ਨੇ ਆਪਣਾ ਨਿਰਣੇ ਦੱਸਦੇ ਹੋਏ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ।ਵੂਮੈਨ ਇੰਮਪਾਵਰਮੈਂਟ ਸੈੱਲ ਦੇ ਕਨਵੀਨਰ ਡਾ. ਸੁਖਵਿੰਦਰ ਕੌਰ ਨੇ ਕਿਹਾ ਕਿ ਸੈੱਲ ਵੱਲੋਂ ਵੂਮੈਨ ਥਰੂ ਸਕਿੱਲ ਬੇਸਿਡ ਐਜੂਕੇਸ਼ਨ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਪਹਿਲੇ ਦਿਨ ਡਾ. ਹਰਵਿੰਦਰਜੀਤ ਸਿੰਘ ਅਤੇ ਡਾ. ਨੀਤਿਕਾ ਗੋਇਲ ਦਾ ਲੈਕਚਰ ਕਰਵਾਇਆ ਗਿਆ। ਦੂਜੇ ਦਿਨ ਫੈਸ਼ਨ ਤਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਨੀਲਮ ਰਾਣੀ ਵੱਲੋਂ ਹੈਂਡੀਕਰਾਫਟ ਹੁਨਰ ਤਹਿਤ ਵਾਧੂ ਸਮਾਨ ਤੋਂ ਵਸਤਾਂ ਤਿਆਰ ਕਰਵਾਉਣ ਦੀ ਜਾਣਕਾਰੀ ਦਿੱਤੀ। ਤੀਜੇ ਦਿਨ ਵਿਦਿਆਰਥਣਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਚੰਗੀ ਕਾਰਗੁਜਾਰੀ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਰੇਖਾ ਕਾਲੜਾ ਦੀ ਅਗਵਾਈ ਵਿੱਚ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸੌ ਦੇ ਲਗਭਗ ਲੜਕੀਆਂ ਨੇ ਹੱਥੀਂ ਤਿਆਰ ਕੀਤੇ ਮਾਡਲ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਨਾਰੀ ਕਿਰਤ ਦੀ ਮਹੱਤਤਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਨਦੀਪ ਕੌਰ ਦੇ ਦੇਖ ਰੇਖ ਵਿੱਚ ਡਾ. ਬਲਜਿੰਦਰ ਕੌਰ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ ਜਿਸ ਵਿਚ ਇਸ ਦਿਨ ਦੀ ਇਤਿਹਾਸਕਤਾ, ਇਸ ਦਿਨ ਦੀ ਮਹੱਤਤਾ ਸਬੰਧੀ ਅਤੇ ਵਿਸ਼ਵ ਪ੍ਰਸੰਗ ਵਿਚ ਪੰਜਾਬ ਦੀ ਨਾਰੀ ਦੇ ਆਦਰਸ਼ ਸਬੰਧੀ ਵਿਸਥਾਰ ਵਿੱਚ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਗਈਆਂ। ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਪ੍ਰੋਗਰਾਮ ਅਫਸਰਾਂ ਦੀ ਅਗਵਾਈ ਵਿੱਚ ਨਾਰੀ ਵੱਲੋਂ ਹੋ ਰਹੀ ਸਾਹਿਤ ਸਿਰਜਣਾ ਸਬੰਧੀ ਵਿਦਿਆਰਥੀਆਂ ਦਾ ਸੰਵਾਦ ਕਰਵਾਇਆ ਗਿਆ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਜਿਸ ਵਿਚ ਬੀ. ਏ. ਭਾਗ ਪਹਿਲਾ ਦੀਆਂ ਪੰਜ ਵਿਦਿਆਰਥਣਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਿਰਤ ਨਾਲ ਜੁੜਨਾ ਜ਼ਰੂਰੀ ਹੈ, ਸਾਨੂੰ ਆਪਣੇ ਘਰਾਂ ਵਿੱਚ ਆਪਣੇ ਮਾਂ ਬਾਪ ਨਾਲ ਕੰਮਾਂ ਵਿੱਚ ਹੱਥ ਵਟਾਉਣਾ ਚਾਹੀਦਾ ਹੈ।ਇਸ ਪ੍ਰੋਗਰਾਮ ਵਿਚ ਸੰਸਥਾ ਦੇ 500 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਵਿਭਾਗਾਂ ਵੱਲੋਂ ਕਰਵਾਏ ਇਨ੍ਹਾਂ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ।
ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕੌਮਾਂਤਰੀ ਨਾਰੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ
