ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਿਵਲ ਹਸਪਤਾਲ ਬੁਢਲਾਡਾ ਅੱਗੇ ਧਰਨਾ ਜਾਰੀ
ਕਾਮਰੇਡ ਮਨਜੀਤ ਕੌਰ ਗਾਮੀਵਾਲਾ ਦੇ ਕਤਲ ਪਿੱਛੇ ਵੱਡੀ ਸਾਜ਼ਿਸ਼ ਦਾ ਖਦਸ਼ਾ
ਬੁਢਲਾਡਾ (ਦਵਿੰਦਰ ਸਿੰਘ ਕੋਹਲੀ) – ਅੱਜ ਕੌਮਾਂਤਰੀ ਇਸਤਰੀ ਦਿਹਾੜੇ ਮੌਕੇ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਸੀ.ਪੀ.ਆਈ.ਪੰਜਾਬ ਦੀ ਸੂਬਾ ਕੌਂਸਲ ਮੈਂਬਰ ਅਤੇ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਕਾਮਰੇਡ ਮਨਜੀਤ ਕੌਰ ਗਾਮੀਵਾਲਾ ਦਾ ਅੱਜ ਸਵੇਰੇ ਬੋਹਾ ਵਿਖੇ ਕੁਝ ਅਨਸਰਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਕਾ. ਗਾਮੀਵਾਲਾ ਆਪਣੇ ਮਕਾਨ ਦੀ ਨਵੀਂ ਉਸਾਰੀ ਕਰ ਰਹੇ ਸਨ।
ਇਸ ਘਟਨਾ ਸਬੰਧੀ ਖ਼ਬਰ ਸੁਣਦਿਆਂ ਭਾਰਤੀ ਕਮਿਊਨਿਸਟ ਪਾਰਟੀ ਅਤੇ ਵੱਖ ਵੱਖ ਜਨਤਕ ਸੰਗਠਨਾਂ ਦੇ ਵਰਕਰਾਂ ਅਤੇ ਆਗੂਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ ਅਤੇ ਦੁਪਿਹਰ ਸਮੇਂ ਤੋਂ ਹੀ ਸਿਵਲ ਹਸਪਤਾਲ ਬੁਢਲਾਡਾ ਵਿੱਚ ਇਕੱਠੇ ਸ਼ੁਰੂ ਹੋਣੇ ਸ਼ੁਰੂ ਹੋ ਗਿਆ ਅਤੇ ਰੋਸ ਧਰਨਾ ਸ਼ੁਰੂ ਕਰ ਦਿੱਤਾ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਪੁਲਿਸ ਕਾਮਰੇਡ ਮਨਜੀਤ ਕੌਰ ਦਾ ਕਤਲ ਦੇ ਪਿੱਛੇ ਮੁੱਖ ਕਾਰਨ ਭਾਵੇਂ ਪਲਾਟ ਦਾ ਰੋਲਾ ਮੰਨ ਰਹੀ ਹੈ ਪਰੰਤੂ ਪਲਾਟ ਦਾ ਮੁੱਦਾ ਕਈ ਸਾਲ ਪਹਿਲਾਂ ਨਿਬੜ ਚੁੱਕਿਆ ਸੀ। ਕਮਿਊਨਿਸਟ ਆਗੂਆਂ ਨੇ ਦੋਸ਼ ਲਾਇਆ ਕਿ ਇਸ ਕਤਲ ਕਾਂਡ ਵਿੱਚ ਵੱਡੀ ਸਾਜ਼ਿਸ਼ ਦੀ ਸੰਭਾਵਨਾ ਜਾਪਦੀ ਹੈ।
ਇਸ ਮੌਕੇ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ , ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ , ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਕਾ. ਅਮਰੀਕ ਸਿੰਘ ਫਫੜੇ ਭਾਈਕੇ , ਸੀ.ਪੀ.ਆਈ. ਦੇ ਬਲਾਕ ਸਕੱਤਰ ਕਾਮਰੇਡ ਵੇਦ ਪ੍ਰਕਾਸ਼ ਸਾਬਕਾ ਐਮ.ਸੀ. ਕਾ. ਜਗਸੀਰ ਸਿੰਘ ਰਾਏਕੇ , ਕਾ.ਸੀਤਾ ਰਾਮ ਗੋਬਿੰਦਪੁਰਾ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਾ. ਮਲਕੀਤ ਸਿੰਘ ਮੰਦਰਾਂ ਨੇ ਬੋਲਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਸ਼ੱਕੀ ਹੈ । ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉਲਟਾ ਦੋਸ਼ੀਆਂ ਨੂੰ ਬਚਾਉਣ ਲਈ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਮਰੇਡ ਮਨਜੀਤ ਕੌਰ ਗਾਮੀਵਾਲਾ ਬੁਢਲਾਡਾ ਹਲਕੇ ਵਿੱਚ ਔਰਤਾਂ , ਕਿਰਤੀਆਂ , ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਦੀ ਹਰ ਲੜਾਈ ਵਿੱਚ ਅੱਗੇ ਰਹਿੰਦੇ ਸਨ। ਨਸ਼ਿਆਂ ਅਤੇ ਬੇਕਾਰੀ ਵਿਰੁੱਧ ਡੱਟਕੇ ਲੜਦੇ ਸਨ।
ਕਮਿਊਨਿਸਟ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਪੁਲਿਸ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਲਾਸ਼ ਦਾ ਪੋਸਟ ਮਾਰਟਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਸਾਰੀਆਂ ਹਮਖਿਆਲੀ ਧਿਰਾਂ ਦੀ ਮੀਟਿੰਗ ਸੱਦ ਕੇ ਸੰਘਰਸ਼ ਨੂੰ ਹੋਰ ਤਿੱਖਾ ਜਾਵੇਗਾ।
ਅੱਜ ਦੇ ਧਰਨੇ ਨੂੰ ਕਾ. ਅਮਰੀਕ ਸਿੰਘ ਮੰਦਰਾਂ , ਕਾ. ਕਰਨੈਲ ਸਿੰਘ ਦਾਤੇਵਾਸ , ਕਾ. ਸੁਖਦੇਵ ਸਿੰਘ ਬੋੜਾਵਾਲ , ਸੀ. ਪੀ. ਐਮ. ਦੇ ਜ਼ਿਲ੍ਹਾ ਆਗੂ ਕਾ. ਜਸਵੰਤ ਸਿੰਘ ਬੀਰੋਕੇ , ਕਾ. ਹਰਕੇਸ਼ ਮੰਡੇਰ , ਕਾ. ਨਛੱਤਰ ਸਿੰਘ ਰਿਉਂਦ ਕਲਾਂ , ਕਾ. ਹਰਕੇਸ਼ ਮੰਡੇਰ , ਕਾ. ਪਵਨ ਸ਼ਰਮਾ , ਕਾ. ਗੁਰਦੀਪ ਰਾਣਾ , ਕਾ. ਮਲਕੀਤ ਸਿੰਘ ਬਖਸ਼ੀਵਾਲਾ , ਕਾ. ਸੁਲੱਖਣ ਸਿੰਘ ਕਾਹਨਗੜ , ਕਾ. ਬੰਬੂ ਸਿੰਘ ਫੁੱਲੂਵਾਲਾ , ਮਾਸਟਰ ਬਲਵੀਰ ਸਿੰਘ , ਇਸਤਰੀ ਸਭਾ ਦੀਆਂ ਆਗੂਆਂ ਕਾ. ਸਿਮਰਨਜੀਤ ਕੌਰ , ਕਾ. ਸੰਤੋਸ਼ ਰਾਣੀ , ਕਾ. ਮਨਜੀਤ ਕੌਰ ਬੁਢਲਾਡਾ , ਕਾ. ਗਗਨਦੀਪ ਕੌਰ ਆਦਿ ਨੇ ਸੰਬੋਧਨ ਕੀਤਾ।