ਨਵਾਂਸ਼ਹਿਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਟਕੜ ਕਲਾਂ ਵਿਖੇ ਸਮਾਗਮ ਵਿਚ ਬੰਗਾ ਹਲਕੇ ਲਈ 100 ਕਰੋੜ ਰੁਪਏ ਵੱਖ-ਵੱਖ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖੀ ਰਾਹੁਲ ਗਾਂਧੀ ਦੀ ਕਿਰਪਾ ਸਦਕਾ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮੁੱਖ ਮੰਤਰੀ ਬਣਨ ’ਤੇ ਉਨ੍ਹਾਂ ਲੋਕਾਂ ਦੀਆਂ ਬਿਜਲੀ, ਪਾਣੀ, ਰੇਤ, ਪੈਟ੍ਰੋਲ, ਡੀਜ਼ਲ ਦੀਆਂ ਕੀਮਤਾਂ ਘਟਾਉਣ ਦੇ ਨਾਲ-ਨਾਲ ਹੁਣ ਕੇਬਲ ਮਾਫੀਆ ਦੇ ਰੇਟ ਘਟਾ ਕੇ ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਰਿਹਾ ਹੈ। ਉਹ ਕੇਜਰੀਵਾਲ ਵਾਂਗ ਫਾਰਮ ਨਹੀਂ ਭਰਵਾ ਰਹੇ, ਲੋਕਾਂ ਨਾਲ ਜੋ ਵਾਅਦਾ ਕੀਤਾ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਅੱਜ ਥਾਣੇ ਵਿਚ ਖੜ੍ਹੀਆਂ ਹਨ। ਅੱਜ ਤੋਂ ਪਹਿਲਾਂ ਇਕੋ ਪਰਿਵਾਰ ਸਾਰਾ ਕੁਝ ਖਾਈ ਜਾਂਦਾ ਹੈ ਜਿਸ ਨਾਲ ਸਮਾਜ ਵਿਚ ਸਮਾਨਤਾ ਨਹੀਂ ਰਹਿ ਗਈ ਸੀ। ਉੱਤਰ ਕਾਟੋ ਮੇਰੀ ਬਾਰੀ ਵਾਲੀ ਮੁੱਖ ਮੰਤਰੀ ਦੀ ਕੁਰਸੀ ’ਤੇ ਕਬਜ਼ਾ ਕਰਨ ਦੀ ਰਾਜਨੀਤੀ ਨੂੰ ਖਤਮ ਕਰਨ ਲਈ ਰਾਹੁਲ ਗਾਂਧੀ ਵੱਲੋਂ ਲਿਆ ਸਟੈਪ ਕਾਫੀ ਕਾਰਗਰ ਸਾਬਤ ਹੋ ਰਿਹਾ ਹੈ। ਹੁਣ ਵੀ ਬਾਦਲ, ਕੈਪਟਨ ਅਤੇ ਮੋਦੀ ਇਕੱਠੇ ਹਨ ਅਤੇ ਇਨ੍ਹਾਂ ਨੇ ਇੱਕਠਿਆਂ ਹੀ ਚੋਣ ਲੜਨੀ ਹੈ। ਬਾਦਲਾਂ ਨੇ ਬੀਐੱਸਪੀ ਨੂੰ ਖਤਮ ਕਰਨ ਲਈ ਉਨ੍ਹਾਂ ਇਲਾਕਿਆਂ ਦੀ 20 ਸੀਟਾਂ ਦਿੱਤੀਆਂ ਗਈਆਂ ਹਨ ਜਿਥੇ ਬਸਪਾ ਦਾ ਆਧਾਰ ਹੀ ਨਹੀਂ ਹੈ। ਅਕਾਲੀ ਦਲ ਵੱਲੋਂ ਬਸਪਾ ਨੂੰ ਹੁਸ਼ਿਆਰਪੁਰ ਦੀ ਸੀਟ ਦਿੱਤੀ ਹੈ ਜਿਥੇ ਵੋਟ ਨਹੀਂ ਹੈ। ਮੋਹਾਲੀ ਵਿਚ ਵੀ ਬਸਪਾ ਦੀ ਵੋਟ ਨਹੀਂ ਹੈ। ਇਨ੍ਹਾਂ ਨੇ ਬਸਪਾ ਨੂੰ ਖਤਮ ਕਰਕੇ ਮੋਦੀ ਨਾਲ ਰਲ਼ ਕੇ ਲੁੱਟਣਾ ਹੈ।
ਇਸ ਤੋਂ ਪਹਿਲਾ ਮੁੱਖ ਮੰਤਰੀ ਚੰਨੀ ਨੇ ਸਮਾਗਮ ਵਿਚ ਪੁੱਜੇ ਕੈਬੀਨੇਟ ਮੰਤਰੀਆਂ, ਵਿਧਾਇਕਾਂ, ਕੌਂਸਲਰਾਂ, ਸਰਪੰਚਾਂ, ਪੰਚਾਂ ਅਤੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।