ਪਾਕਿਸਤਾਨ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ 10 ਦਿਨ ਦੀ ਅਗਾਊਂ ਸੂਚਨਾ ਤੋਂ ਦਿੱਤੀ ਰਾਹਤ,30 ਨਵੰਬਰ ਤਕ ਹੀ ਛੋਟ

ਇਸਲਾਮਾਬਾਦ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਨੇ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ 10 ਦਿਨ ਪਹਿਲਾਂ ਸੂਚਨਾ ਦੇਣ ਦੀ ਸ਼ਰਤ ਤੋਂ ਛੋਟ ਦੇ ਦਿੱਤੀ ਹੈ। ਹਾਲਾਂਕਿ ਇਹ ਛੋਟ ਅਸਥਾਈ ਹੈ ਤੇ ਸਿਰਫ 30 ਨਵੰਬਰ ਤਕ ਹੀ ਲਾਗੂ ਹੋਵੇਗੀ। ਇਸ ਦੌਰਾਨ, 240 ਤੋਂ ਵੱਧ ਸ਼ਰਧਾਲੂਆਂ ਭਾਰਤ ਤੋਂ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਪੁੱਜੇ।

ਜਿਓ ਨਿਊਜ਼ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਇਹ ਫ਼ੈਸਲਾ ਭਾਰਤੀ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੁੂੰ ਦੇਖਦੇ ਹੋਏ ਲਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਹਾਲ ਹੀ ’ਚ ਗੁਰਦੁਆਰਾ ਸਾਹਿਬ ਦੇ ਸਮਾਗਮਾਂ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫ਼ੈਸਲਾ ਲਿਆ ਹੈ

ਰਿਪੋਰਟ ਮੁਤਾਬਕ ਪਾਕਿਸਤਾਨ ਨੇ ਭਾਰਤੀ ਸਿੱਖਾਂ ਨੂੰ ਇਹ ਸਹੂਲਤ ਸਿਰਫ 30 ਨਵੰਬਰ ਤਕ ਲਈ ਦਿੱਤੀ ਹੈ। ਨਾਲ ਹੀ ਭਾਰਤ ਸਰਕਾਰ ਤੋਂ ਇਹ ਉਮੀਦ ਵੀ ਕੀਤੀ ਕਿ ਉਹ ਇਕ ਦਸੰਬਰ ਤੋਂ ਮੁੜ ਤੋਂ ਇਨ੍ਹਾਂ ਸ਼ਰਤਾਂ ਦੀ ਪਾਲਣਾ ਪਹਿਲਾਂ ਵਾਂਗ ਕਰਦੀ ਰਹੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਮੁਤਾਬਕ 10 ਦਿਨ ਪਹਿਲਾਂ ਹੀ ਸਿੱਖ ਸ਼ਰਧਾਲੂਆਂ ਦਾ ਬਿਓਰਾ ਦੇਣਾ ਹੋਵੇਗਾ ਤਾਂਕਿ ਯਾਤਰਾ ਸਬੰਧੀ ਕਲੀਅਰੈਂਸ ਦਿੱਤੀ ਜਾ ਸਕੇ। ਦੱਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਚਾਰ ਕਿਲੋਮੀਟਰ ਤੋਂ ਵੱਧ ਲੰਬਾ ਹੈ ਤੇ ਪਾਕਿਸਤਾਨ ’ਚ ਗੁਰਦੁਆਰਾ ਦਰਬਾਰ ਸਾਹਿਬ ਤੇ ਭਾਰਤ ’ਚ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਨੂੰ ਆਪਸ ’ਚ ਜੋੜਦਾ ਹੈ। ਕੋਵਿਡ-19 ਕਾਰਨ ਪਿਛਲੇ ਸਾਲ ਮਾਰਚ ’ਚ ਇਸ ਯਾਤਰਾ ਨੂੰ ਬੰਦ ਕਰ ਦਿੱਤਾ ਗਿਆ ਸੀ।

ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ 2500 ਤੋਂ ਵੱਧ ਸਿੱਖ ਸ਼ਰਧਾਲੂ ਪੁਜੇ ਹਨ, ਜਦੋਂਕਿ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਤਕ ਜਾਣ ਵਾਲੇ 240 ਤੋਂ ਵੱਧ ਸ਼ਰਧਾਲੂ ਹਨ।