ਬੁਢਲਾਡਾ (ਦਵਿੰਦਰ ਸਿੰਘ ਕੋਹਲੀ)- ਉੱਤਰੀ ਭਾਰਤ ਦੀ ਸਿਰਮੌਰ ਆਟੋਨੌਮਸ ਸੰਸਥਾ ਗੁਰੂ ਨਾਨਕ ਕਾਲਜ, ਬੁਢਲਾਡਾ ਵਿਖੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਪੰਜਾਬੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਨਾਟਕ ਭਾਸ਼ਾ ਵਹਿੰਦਾ ਦਰਿਆ ਦੀ ਪੇਸ਼ਕਾਰੀ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਮੁੱਖ ਮਹਿਮਾਨ ਵਜੋਂ ਸ. ਕੁਲਵੰਤ ਸਿੰਘ ਧੂਰੀ, ਆਈ. ਏ. ਐੱਸ., ਡਿਪਟੀ ਕਮਿਸ਼ਨਰ, ਮਾਨਸਾ ਅਤੇ ਵਿਸ਼ੇਸ਼ ਤੌਰ ਤੇ ਸ. ਗਗਨਦੀਪ ਸਿੰਘ, ਐੱਸ. ਡੀ. ਐੱਮ. ਬੁਢਲਾਡਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਸ਼ੁਰੂ ਵਿਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ।
ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸਾਰੀਆਂ ਸ਼ਖ਼ਸੀਅਤਾਂ ਨੂੰ ਜੀ ਆਇਆ ਆਖਿਆ ਅਤੇ ਕੌਮਾਂਤਰੀ ਮਾਂ -ਬੋਲੀ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ-ਬੋਲੀ ਪ੍ਰਤੀ ਸੁਹਿਰਦਤਾ ਤੇ ਸੰਵੇਦਨਤਾ ਅਪਣਾਉਂਦੇ ਹੋਏ ਸਾਨੂੰ ਜ਼ੁੰਮੇਵਾਰੀ ਨਾਲ ਪੰਜਾਬੀ ਭਾਸ਼ਾ ਵਿਚ ਨਿੱਠ ਕੇ ਕੰਮ ਕਰਨ ਦੀ ਲੋੜ ਹੈ। ਡਾ. ਰਾਜਨਦੀਪ ਕੌਰ ਨੇ ਭਾਸ਼ਾ ਵਹਿੰਦਾ ਦਰਿਆ ਦੇ ਲੇਖਕ ਡਾ. ਸੋਮਪਾਲ ਹੀਰਾ ਦੀ ਜਾਣ ਪਛਾਣ ਕਰਵਾਈ ਅਤੇ ਰੰਗਮੰਚ ਦੇ ਮਾਧਿਅਮ ਰਾਹੀਂ ਪੰਜਾਬੀ ਮਾਂ-ਬੋਲੀ ਦੀ ਮਹੱਤਤਾ ਅਤੇ ਲੋੜ ਦੀ ਸਮੁੱਚੀ ਵਾਰਤਾ ਨੂੰ ਪੰਜਾਬ ਤੋਂ ਇਲਾਵਾ ਹੋਰਨਾਂ ਥਾਵਾਂ ਤੇ ਲੈ ਕੇ ਜਾਣ ਦਾ ਉਪਰਾਲਾ ਸ਼ਲਾਘਾਯੋਗ ਹੈ। ਮੁੱਖ ਮਹਿਮਾਨ ਸ. ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ, ਮਾਨਸਾ ਨੇ ਸੰਬੋਧਨ ਹੁੰਦੇ ਹੋਏ ਕਿਹਾ ਕਿ ਪੰਜਾਬੀ ਮਾਂ-ਬੋਲੀ ਸਾਡਾ ਮਾਣ ਹੈ। ਇਸਦੇ ਗੌਰਵਸ਼ਾਲੀ ਇਤਿਹਾਸ ਸਦਕਾ ਹੀ ਸਾਨੂੰ ਦੁਨੀਆਂ ਵਿਚ ਵੱਖਰੀ ਪਛਾਣ ਮਿਲੀ ਹੈ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮੈਂ ਪੰਜਾਬੀ ਭਾਸ਼ਾ ਵਿਚ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰਕੇ ਡਿਪਟੀ ਕਮਿਸ਼ਨਰ ਬਣਿਆ ਹਾਂ, ਇਸ ਪੱਖੋਂ ਵੇਖੀਏ ਤਾਂ ਪੰਜਾਬੀ ਭਾਸ਼ਾ ਰੁਜ਼ਗਾਰ ਦੀ ਵੱਡੀ ਭਾਸ਼ਾ ਹੈ। ਉਨ੍ਹਾਂ ਵਿਦਿਆਰਥਣ ਅਮਨਦੀਪ ਕੌਰ, ਦਵਿੰਦਰ ਕੌਰ ਵੱਲੋਂ ਪੁੱਛੇ ਸੁਆਲਾਂ ਦੇ ਉੱਤਰ ਦਿੰਦਿਆਂ ਪ੍ਰੀਖਿਆਵਾਂ ਦੀ ਤਿਆਰੀ ਦੇ ਨੁਕਤਿਆਂ ਤੋਂ ਜਾਣੂ ਕਰਵਾਇਆ ਅਤੇ ਪ੍ਰੈਕਟੀਕਲ ਸਿੱਖਿਆ ਵੱਲ ਵਧਣ ਦੀ ਸਲਾਹ ਦਿੱਤੀ। ਉਨ੍ਹਾਂ ਸੰਸਥਾ ਦੀ ਸ਼ਾਲਾਘਾ ਕੀਤੀ ਅਤੇ ਕਿਹਾ ਕਿ ਅਜੋਕੇ ਵਿਦਿਆਰਥੀਆਂ ਨੂੰ ਅਜਿਹੀਆਂ ਵਿਧਾਵਾਂ ਨਾਲ ਜੋੜਨ ਦੀ ਮੁੱਖ ਜ਼ਰੂਰਤ ਹੈ ਤਾਂ ਕਿ ਉਨ੍ਹਾਂ ਵਿਚ ਸਾਹਿਤ ਸਬੰਧੀ ਮਿਆਰੀ ਸੋਚ ਬਣ ਸਕੇ।
ਇਸ ਪ੍ਰੋਗਰਾਮ ਵਿਚ ਸਮਾਜ ਸੇਵੀ ਅਤੇ ਭਾਸ਼ਾ ਪ੍ਰੇਮੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਪੰਜਾਬੀ ਵਿਭਾਗ ਦੇ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਮੀਨਾ ਰਾਣੀ, ਸੰਦੀਪ ਕੌਰ, ਦੁਪਿੰਦਰ ਕੌਰ, ਦਵਿੰਦਰ ਕੌਰ, ਸਿਮਰਨ ਕੌਰ, ਹਰਦੀਪ ਕੌਰ, ਮਨਦੀਪ ਕੌਰ, ਲਵਲੀ ਸਾਵਰੀਆ, ਪ੍ਰਭਜੋਤ ਕੌਰ ਅਤੇ ਸੁਖਵਿੰਦਰ ਸਿੰਘ ਦਾ ਗੁਰਮੁਖੀ ਅੱਖਰਕਾਰੀ ਵਾਲੀਆਂ ਫੱਟੀਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਡਾ. ਸਤਗੁਰ ਸਿੰਘ, ਅਦਾਕਾਰਾ ਮਨਜੀਤ ਕੌਰ ਔਲਖ, ਕਹਾਣੀਕਾਰ ਦਰਸ਼ਨ ਜੋਗਾ, ਪ੍ਰਸਿੱਧ ਜਰਨਲਿਸਟ ਬਲਵਿੰਦਰ ਸਿੰਘ ਧਾਲੀਵਾਲ, ਸ਼ਾਇਰ ਅਤੇ ਐਡਵੋਕੇਟ ਬਲਵੰਤ ਭਾਟੀਆ, ਸ. ਗੁਰਚੇਤ ਸਿੰਘ ਫੱਤੇਵਾਲੀਆ, ਡਾ. ਗੁਰਮੇਲ ਕੌਰ ਜੋਸ਼ੀ, ਅਨੁਵਾਦ ਪੁਰਸਕਾਰ ਜੇਤੂ ਜਗਦੀਸ਼ ਰਾਏ ਕੁਲਰੀਆਂ, ਆਲੋਚਕ ਨਿਰੰਜਣ ਬੋਹਾ, ਕਹਾਣੀਕਾਰ ਭੁਪਿੰਦਰ ਫ਼ੌਜੀ ਅਤੇ ਡਾ. ਬੂਟਾ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਸਾਂਝੇ ਰੂਪ ਵਿਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿਭਾਗ ਅਤੇ ਨਾਟਕਕਾਰ ਸੋਮਪਾਲ ਹੀਰਾ ਨੂੰ ਇਸ ਉੱਦਮ ਦੀ ਵਧਾਈ ਦਿੱਤੀ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਸਾਹਬ, 800 ਦੇ ਲਗਭਗ ਵਿਦਿਆਰਥੀ ਹਾਜ਼ਰ ਸਨ।ਪ੍ਰੋਗਰਾਮ ਕੋਆਰਡੀਨੇਟਰ ਤੇ ਮੰਚ ਸੰਚਾਲਕ ਗੁਰਦੀਪ ਸਿੰਘ ਨੇ ਅਖੀਰ ਵਿਚ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।