ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵੇਂ ਹੀ ਵੱਡੇ ਦਿਲ ਦਿਖਾਉਂਦੇ ਹੋਏ ਇਕ ਸਾਲ ਪਹਿਲਾਂ ਲਿਆਂਦੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਦਿੱਲੀ ਐਨਸੀਆਰ ਦੇ ਬਾਰਡਰਾਂ ’ਤੇ ਬੈਠੇ ਕਿਸਾਨ ਕਦੋਂ ਹਟਣਗੇ, ਇਸ ਨੂੰ ਲੈ ਕੇ ਖਦਸ਼ੇ ਬਰਕਰਾਰ ਹਨ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੇ ਤਾਜ਼ਾ ਟਵੀਟ ਤੋਂ ਲਗਦਾ ਹੈ ਕਿ ਦਿੱਲੀ ਐਨਸੀਆਰ ਦੇ ਚਾਰੇ ਬਾਰਡਰਾਂ ਤੋਂ ਕਿਸਾਨ ਪ੍ਰਦਰਸ਼ਨ ਅਗਲੇ ਕੁਝ ਦਿਨਾਂ ਤਕ ਨਹੀਂ ਹਟਣ ਵਾਲੇ ਹਨ। ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਕੇਂਦਰ ਸਰਕਾਰ ਦੇ ਐਲਾਨ ਦੇ ਬਾਵਜੂਦ ਦਿੱਲੀ ਉਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ ’ਤੇ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਕਿਹਾ ਕਿ ਦੇਸ਼ ਵਿਚ ਰਾਜਸ਼ਾਹੀ ਨਹੀਂ ਹੈ, ਟੀਵੀ ’ਤੇ ਸਿਰਫ਼ ਐਲਾਨ ਕਰਨ ਨਾਲ ਕਿਸਾਨ ਘਰ ਵਾਪਸ ਨਹੀਂ ਜਾਵੇਗਾ, ਸਰਕਾਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਪਵੇਗੀ।’
ਇੱਥੇ ਸ਼ਨੀਵਾਰ ਸਵੇਰੇ ਯੂਪੀ ਗੇਟ ਪਹੁੰਚੇ ਰਾਕੇਸ਼ ਟਿਕੈਤ ਨੇ ਦੱਸਿਆ ਕਿ ਅਗਲੀ ਰਣਨੀਤੀ ਲਈ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਦੁਪਹਿਰ ਨੂੰ ਸਿੰਘੂ ਬਾਰਡਰ ‘ਤੇ ਹੋਵੇਗੀ। ਕੀ ਉਨ੍ਹਾਂ ਨੇ ਇਸ ਮੀਟਿੰਗ ਵਿਚ ਜਾਣਾ ਹੈ ਜਾਂ ਨਹੀਂ? ਇਸ ਬਾਰੇ ਅਜੇ ਤੱਕ ਗੱਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਤਿੰਨੋਂ ਖੇਤੀ ਕਾਨੂੰਨ, ਸਗੋਂ ਘੱਟੋ-ਘੱਟ ਸਮਰਥਨ ਮੁੱਲ, ਪ੍ਰਦੂਸ਼ਣ ਅਤੇ ਬਿਜਲੀ ਦੇ ਬਿੱਲਾਂ ਵਰਗੇ ਮੁੱਦਿਆਂ ‘ਤੇ ਵੀ ਸਰਕਾਰ ਨਾਲ ਚਰਚਾ ਕੀਤੀ ਜਾਣੀ ਹੈ। ਇਹ ਵੀ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਨਾਲ ਗੱਲ ਕਰਨ ਲਈ ਅੱਗੇ ਆਉਂਦੀ ਹੈ ਜਾਂ ਨਹੀਂ