ਫ਼ਰੀਦਕੋਟ 16 ਫਰਵਰੀ ਨਿਊਜ਼ ਸਰਵਿਸ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀਮਤੀ ਰਤਨਦੀਪ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਲਾਕ ਕੋਟਕਪੂਰਾ-1 ਵੱਲੋਂ ਗਾਂਧੀ ਮੈਮੋਰੀਅਲ ਕਾਲਜ ਫਾਰ ਵੁਮੈਨ ਕੋਟਕਪੂਰਾ ਵਿਖੇ “ਬੇਟੀ ਬਚਾਓ ਬੇਟੀ ਪੜ੍ਹਾਓ” ਦੀ ਦਸਵੀਂ ਵਰੇਗੰਢ ਮਨਾਈ ਗਈ। ਇਸ ਪ੍ਰੋਗਰਾਮ ਵਿੱਚ ਸਪੀਕਰ ਪੰਜਾਬ ਵਿਧਾਨ ਸ.ਕੁਲਤਾਰ ਸਿੰਘ ਸੰਧਵਾਂ ਦੇ ਮਾਤਾ ਜੀ ਸ਼੍ਰੀਮਤੀ ਗੁਰਮੇਲ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਲਰਨਿੰਗ ਨੈਸਟ ਪ੍ਰੀ ਸਕੂਲ ਦੇ ਬੱਚਿਆਂ ਵੱਲੋਂ ਰੈਂਪ ਵਾਕ ਅਤੇ ਦਾਦੀ-ਪੋਤੀ ਵਾਕ ਜਿਹੇ ਪ੍ਰੋਗਰਾਮ ਪੇਸ਼ ਕੀਤੇ ਗਏ। ਗਾਂਧੀ ਮੈਮੋਰੀਅਲ ਕਾਲਜ ਫਾਰ ਵੁਮੈਨ ਕੋਟਕਪੂਰਾ ਦੇ ਬੱਚਿਆਂ ਦੁਆਰਾ ਔਰਤਾਂ ਖਿਲਾਫ਼ ਹਿੰਸਾ ਅਤੇ ਲਿੰਗ ਪੱਖ-ਪਾਤ ਦੇ ਸੰਬੰਧ ਵਿੱਚ ਨਾਟਕ ਪੇਸ਼ ਕੀਤਾ ਗਿਆ। ਇਸਤੋਂ ਇਲਾਵਾ ਹੋਰ ਬੱਚੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਪ੍ਰੋਗਰਾਮ ਦਾ ਮੁੱਖ ਕੇਂਦਰ “ਸੰਕਲਪ ਸਿਗਨੇਚਰ ਬੋਰਡ” ਅਤੇ ਆਂਗਨਵਾੜੀ ਵਰਕਰਾਂ ਦੁਆਰਾ ਬਣਾਈ ਗਈ ਰੰਗੋਲੀ ਰਹੀ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਵੱਲੋਂ ਦੱਸਿਆ ਗਿਆ ਕਿ “ਬੇਟੀ ਬਚਾਓ ਬੇਟੀ ਪੜ੍ਹਾਓ” ਯੋਜਨਾ ਤਹਿਤ ਵਿਭਾਗ ਵੱਲੋਂ ਲੜਕੀਆਂ ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਅਤੇ ਵਿਵਹਾਰ ਵਿੱਚ ਬਦਲਾਅ ਲਿਆਉਣ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਕੁੜੀਆਂ ਨਾਲ ਹੋ ਰਹੇ ਵਿਤਕਰੇ ਨੂੰ ਖਤਮ ਕੀਤਾ ਜਾ ਸਕੇ।
ਪ੍ਰੋਗਰਾਮ ਦੇ ਅੰਤ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਵੰਡ ਕੇ ਉਤਸ਼ਾਹਿਤ ਕੀਤਾ ਗਿਆ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਆਏ ਹੋਏ ਨੁਮਾਇੰਦਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ।
ਇਸ ਮੌਕੇ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਕੋਟਕਪੂਰਾ-1 ਦਾ ਸਮੂਹ ਸਟਾਫ , ਭਾਗ ਲੈਣ ਵਾਲੇ ਬੱਚਿਆਂ ਦੇ ਮਾਪੇ, ਆਂਗਨਵਾੜੀ ਵਰਕਰ ਅਤੇ ਹੈਲਪਰ ਮੌਜੂਦ ਸਨ।