ਰੋਜ਼ਗਾਰ ਲਈ ਈ ਸੀ ਆਰ ਦੇਸ਼ਾਂ ਵਿੱਚ ਜਾਣ ਵਾਲੇ ਨਾਗਰਿਕਾਂ ਲਈ ਓਰੀਐਂਟਸ਼ਨ ਟ੍ਰੇਨਿੰਗ ਦਾ ਪ੍ਰਬੰਧ
ਜ਼ਿਲ੍ਹਾ ਰੋਜ਼ਗਾਰ ਬਿਓਰੋ ਵਿੱਚ ਕੀਤਾ ਜਾ ਸਕਦਾ ਹੈ ਰਾਬਤਾ
ਬਰਨਾਲਾ,15 ਫਰਵਰੀ/ਕਰਨਪ੍ਰੀਤ ਕਰਨ/-ਵਿਦੇਸ਼ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਕਰਨ ਵਾਲੇ ਭਾਰਤੀ ਨਾਗਰਿਕਾਂ ਦੇ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਵੈੱਬ ਪੋਰਟਲ https://emigrate.gov.in ਉਪਰ ਇਮੀਗ੍ਰੇਸ਼ਨ ਐਕਟ,1983 ਦੇ ਅਨੁਸਾਰ ਇਮੀਗ੍ਰੇਸ਼ਨ ਨਿਯਮਾਂ, ਰਜਿਸਟਰਡ ਭਰਤੀ ਏਜੰਟਾਂ ਦੀ ਸੂਚੀ, ਏਜੰਸੀਆਂ, ਵਿਦੇਸ਼ੀ ਰੋਜ਼ਗਾਰਦਾਤਾਵਾਂ ਆਦਿ ਵਿਰੁੱਧ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ ‘ਤੇ ਜਾ ਕੇ ਸਬੰਧਤ ਜਾਣਕਾਰੀ ਲਈ ਜਾ ਸਕਦੀ ਹੈ।
ਇਕ ਹੋਰ ਪਹਿਲਕਦਮੀ ਤਹਿਤ 18 ਈ ਸੀ ਆਰ (ਇਮੀਗ੍ਰੇਸ਼ਨ ਚੈੱਕ ਰਿਕੁਆਇਰਡ) ਦੇਸ਼ਾਂ ਵਿੱਚ ਜਾਣ ਵਾਲਿਆਂ ਲਈ ਪ੍ਰੀ- ਡਿਪਾਰਚਰ ਉਰੀਐਂਟਸ਼ਨ ਟ੍ਰੇਨਿੰਗ(ਪੀ ਡੀ ਓ ਟੀ) ਪ੍ਰੋਗਰਾਮ ਚਲਾਇਆ ਗਿਆ ਹੈ ਜਿਸ ਲਈ ਜ਼ਿਲ੍ਹਾ ਰੋਜ਼ਗਾਰ ਬਿਓਰੋ ਵਿਖੇ ਰਾਬਤਾ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਪੀ ਡੀ ਓ ਟੀ ਪ੍ਰੋਗਰਾਮ ਦਾ ਉਦੇਸ਼ ਵਿਦੇਸ਼ੀ ਰੋਜ਼ਗਾਰ ਲਈ ਇਛੁੱਕ ਪ੍ਰਵਾਸੀਆਂ ਨੂੰ ਪਰਵਾਸ ਪ੍ਰਕਿਰਿਆ, ਉਨ੍ਹਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਅਤੇ ਪਰਵਾਸ ਲਈ ਜਾਣ ਵਾਲੇ (18 ਈ ਸੀ ਆਰ ਦੇਸ਼ਾਂ) ਦੇ ਸੱਭਿਆਚਾਰਕ ਪਹਿਲੂਆਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਵਿਭਾਗ ਅਧੀਨ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਾਲਮੇਲ ਨਾਲ ਪੰਜਾਬ ਵਿਚ ਲਾਗੂ ਕੀਤਾ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹੇ ਵਿੱਚ ਇੱਕ ਪੀ ਡੀ ਓ ਟੀ ਕੇਂਦਰ ਜ਼ਿਲ੍ਹਾ ਰੋਜ਼ਗਾਰ ਬਿਓਰੋ ਵਿਖੇ ਚਾਲੂ ਕੀਤਾ ਗਿਆ ਹੈ। ਪੀ ਡੀ ਓ ਟੀ ਸਕੀਮ ਦਾ ਵੇਰਵਾ http://pdot.mea.gov.in ਦੇ ਨਾਲ ਨਾਲ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਦਫਤਰ ਕੋਲ ਵੀ ਉਪਲਬਧ ਹੈ, ਜਿਨ੍ਹਾਂ ਕੋਲ ਮੰਤਰਾਲੇ ਦੁਆਰਾ ਸਿਖਲਾਈ ਪ੍ਰਾਪਤ ਮਾਸਟਰ ਟ੍ਰੇਨਰ ਹਨ।ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਫ਼ਸਰ ਨਵਜੋਤ ਕੌਰ ਨੇ ਕਿਹਾ ਕਿ ਜੇਕਰ ਕੋਈ ਰੋਜ਼ਗਾਰ ਲਈ 18 ਈ ਸੀ ਆਰ ਦੇਸ਼ਾਂ ਵਿਚੋਂ ਕਿਸੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹ ਰੋਜ਼ਗਾਰ ਵਿੱਚ ਟ੍ਰੇਨਿੰਗ ਲਈ ਰਾਬਤਾ ਕਰ ਸਕਦਾ ਹੈ।