ਬੁਢਲਾਡਾ (ਦਵਿੰਦਰ ਸਿੰਘ ਕੋਹਲੀ) –ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖ਼ੁਦਮੁਖ਼ਤਿਆਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਦੁਆਰਾ ਸੱਤ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਵਰਕਸ਼ਾਪ ਮਹਿੰਦਰਾ ਪ੍ਰਾਈਡ ਕਲਾਸਰੂਮ-ਨੰਦੀ ਫਾਊਂਡੇਸ਼ਨ ਵੱਲੋਂ ਸਕੱਤਰ ਸਿੱਖਿਆ ਸ. ਸੁਖਮਿੰਦਰ ਸਿੰਘ ਦੇ ਵਿਸ਼ੇਸ਼ ਉਪਰਾਲੇ ਨਾਲ ਲਗਾਈ ਗਈ ਹੈ, ਜਿਸ ਦਾ ਮਕਸਦ ਰੁਜ਼ਗਾਰ ਯੋਗਤਾ ਵਧਾਉਣਾ ਅਤੇ ਸਾਫਟ ਸਕਿੱਲ ਵਿਚ ਵਿਦਿਆਰਥੀਆਂ ਨੂੰ ਮਾਹਿਰ ਬਣਾਉਣਾ ਹੈ।
ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਨੀਤਿਕਾ ਨੇ ਕਿਹਾ ਕਿ ਇਸ ਵਰਕਸ਼ਾਪ ਵਿਚ ਸ਼ਖਸੀਅਤ ਵਿਕਾਸ, ਵੱਡੀਆਂ ਕੰਪਨੀਆਂ ਵਿਚ ਇੰਟਰਵਿਊ ਦੇ ਹੁਨਰ, ਰੈਜ਼ਿਊਮੇ ਰਾਈਟਿੰਗ, ਸੰਚਾਰ ਹੁਨਰ ਅਤੇ ਕਰੀਅਰ ਮਾਰਗਦਰਸ਼ਨ ਸਬੰਧੀ ਮਹਿੰਦਰਾ ਪ੍ਰਾਈਡ ਕਲਾਸਰੂਮ-ਨੰਦੀ ਫਾਊਂਡੇਸ਼ਨ ਦੇ ਵਿਸ਼ੇਸ਼ਗ ਸ. ਰਵਿੰਦਰ ਸਿੰਘ ਅਤੇ ਸ਼੍ਰੀਮਤੀ ਰੁਬੀਨਾ ਡੈਨੀਅਲ ਕਲਾਸਾਂ ਲਗਾਉਣਗੇ। ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ ਵੱਖ ਥਾਵਾਂ ਤੇ ਹੋਣ ਵਾਲੀਆਂ ਪਲੇਸਮੈਂਟ ਡਰਾਈਵਾਂ ਅਤੇ ਵੱਖ-ਵੱਖ ਕਰੀਅਰ ਵਿਕਲਪਾਂ ਲਈ ਤਿਆਰ ਕਰਨਾ ਹੈ। 100 ਤੋਂ ਵੱਧ ਵਿਦਿਆਰਥਣਾਂ ਇਸ ਵਰਕਸ਼ਾਪ ਵਿੱਚ ਹਿੱਸਾ ਲੈ ਰਹੀਆਂ ਹਨ।