ਜਲੰਧਰ : ਬਰਸਾਤ ਦਾ ਮੌਸਮ ਖ਼ਤਮ ਹੋਣ ਅਤੇ ਕੋਰੋਨਾ ਦੇ ਸ਼ਾਂਤ ਹੁੰਦੇ ਹੀ ਡੇਂਗੂ ਨੇ ਪੈਰ ਤੇਜ਼ੀ ਨਾਲ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸੂਬੇ ਵਿਚ ਡੇਂਗੂ ਦੇ ਵਧਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਸਿਹਤ ਵਿਭਾਗ ਦੀ ਨੀਂਦ ਟੁੱਟ ਗਈ ਹੈ। ਡੇਂਗੂ ਦੇ ਪਨਪਣ ਤੋਂ ਲੈ ਕੇ ਲੋਕਾਂ ਦੇ ਇਲਾਜ ਤਕ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਡੇਂਗੂ ਦੇ ਮਾਮਲੇ ਨੂੰ ਰਾਜ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਵੀ ਗੰਭੀਰਤਾ ਨਾਲ ਲਿਆ ਹੈ। ਸਿਹਤ ਵਿਭਾਗ ਨੇ ਰਾਜ ਨੂੰ ਪੰਜ ਜ਼ੋਨਾਂ ਵਿਚ ਵੰਡ ਦਿੱਤਾ ਹੈ।
ਰਾਜ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 6704 ਤਕ ਪਹੁੰਚਣ ਤੋਂ ਬਾਅਦ ਸਿਹਤ ਵਿਭਾਗ ਦੀ ਨੀਂਦ ਟੁੱਟੀ। ਰਾਜ ਦੇ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਓਪੀ ਸੋਨੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਡੇਂਗੂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਸਖ਼ਤ ਹਦਾਇਤਾਂ ਦਿੱਤੀਆਂ। ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਡੇਂਗੂ ’ਤੇ ਕਾਬੂ ਪਾਉਣ ਲਈ ਰਾਜ ਨੂੰ ਪੰਜ ਜ਼ੋਨਾਂ ਵਿਚ ਵੰਡ ਦਿੱਤਾ ਹੈ।
ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਆਦੇਸ਼ ਕੰਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜ ਜ਼ੋਨਾਂ ਵਿਚ ਪੰਜ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਕਾਰਜ ਪ੍ਰਣਾਲੀ ’ਤੇ ਨਿਗਰਾਨੀ ਰੱਖਣ ਲਈ ਤਾਇਨਾਤ ਕਰ ਦਿੱਤੇ ਹਨ। ਪੰਜੇ ਅਧਿਕਾਰੀ ਸਬੰਧਤ ਜ਼ਿਲ੍ਹਿਆਂ ਵਿਚ ਹਫਤੇ ਵਿਚ ਦੋ ਵਾਰ ਦੌਰਾ ਕਰਨਗੇ। ਇਸ ਦੌਰਾਨ ਹਸਪਤਾਲਾਂ ਦਾ ਦੌਰਾ ਕਰਕੇ ਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਡੇਂਗੂ ਤੋਂ ਬਚਾਅ ਨੂੰ ਲੈ ਕੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਦੇਣਗੇ।
ਸੂਬੇ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦਾ ਗਰਾਫ ਤੇਜ਼ੀ ਨਾਲ ਵਧਣ ਲੱਗਾ ਹੈ। ਰਾਜ ਵਿਚ ਸਭ ਤੋਂ ਵੱਧ ਡੇਂਗੂ ਦੇ ਮਰੀਜ਼ ਹੁਸ਼ਿਆਰਪੁਰ ਵਿਚ 1009, ਬਠਿੰਡਾ ’ਚ 962 ਤੇ ਪਠਾਨਕੋਟ ’ਚ 835 ਹੋ ਗਏ ਹਨ।
ਡੇਂਗੂ ਦੇ ਟੈਸਟ ਲਈ 600 ਰੁਪਏ ਤੋਂ ਵੱਧ ਨਹੀਂ ਵਸੂਲਣਗੇ ਡਾਕਟਰ
ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਨਿੱਜੀ ਹਸਪਤਾਲਾਂ ਤੇ ਲੈਬੋਰਟਰੀਆਂ ਵੱਲੋਂ ਟੈਸਟ ਨੂੰ ਲੈ ਕੇ ਮਨਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਡਾਕਟਰ ਡੇਂਗੂ ਟੈਸਟ ਲਈ ਮਨਮਰਜ਼ੀ ਵਾਲੇ ਰੇਟ ਵਸੂਲਣ ਲੱਗੇ ਹਨ। ਲੋਕਾਂ ਨੂੰ ਟੈਸਟਾਂ ਨੂੰ ਲੈ ਕੇ ਵਧ ਰਹੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਸਖ਼ਤ ਨੋਟਿਸ ਲਿਆ ਹੈ। ਸਿਹਤ ਵਿਭਾਗ ਦੇ ਸਕੱਤਰ ਵਿਕਾਸ ਗਰਗ ਨੇ ਡੈਂਗੂ ਟੈਸਟ ਲਈ ਵੱਧ ਤੋਂ ਵੱਧ ਰੇਟ 600 ਰੁਪਏ ਨਿਰਧਾਰਤ ਕਰ ਦਿੱਤਾ ਹੈ। ਉਨ੍ਹਾਂ ਮਾਮਲੇ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਨਿੱਜੀ ਹਸਪਤਾਲਾਂ ਤੇ ਲੈਬੋਰਟਰੀਆਂ ਨੂੰ ਵੀ ਹਦਾਇਤਾਂ ਜਾਰੀ ਕਰਨ ਦੀ ਗੱਲ ਕਹੀ ਹੈ।