ਬਲੱਡ ਪ੍ਰੈਸ਼ਰ ਤੋਂ ਗ੍ਰਸਤ ਵਿਅਕਤੀਆਂ ਦੀ ਭਾਲ ਅਤੇ ਮੁਫਤ ਇਲਾਜ ਲਈ ਘਰ ਘਰ ਕੀਤੀ ਜਾਵੇਗੀ ਜਾਂਚ – ਡਿਪਟੀ ਕਮਿਸ਼ਨਰ ਫਰੀਦਕੋਟ

ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਤਣਾਅ ਸਾਰੀਆਂ ਭਿਆਨਕ ਬਿਮਾਰੀਆਂ ਦੇ ਜਨਮਦਾਤਾ – ਸਿਵਲ ਸਰਜਨ

ਸਾਦਾ ਰਹਿਣ ਸਹਿਣ, ਚੰਗੀ ਖੁਰਾਕ ਅਤੇ ਤਣਾਅ ਮੁਕਤ ਜਿੰਦਗੀ ਹੀ ਭਿਆਨਕ ਬਿਮਾਰੀਆਂ ਤੋਂ ਬਚਣ ਦਾ ਰਾਹ 

ਫਰੀਦਕੋਟ, 7 ਫਰਵਰੀ ਨਿਊਜ਼ ਸਰਵਿਸ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਗੈਰ ਸੰਚਾਰੀ ਰੋਗਾਂ ਬੀ.ਪੀ., ਸ਼ੂਗਰ ਅਤੇ ਕੈਂਸਰ ਦੀ ਰੋਕਥਾਮ ਅਤੇ ਮੁਫਤ ਇਲਾਜ ਸਬੰਧੀ ਸਿਹਤ ਵਿਭਾਗ ਫਰੀਦਕੋਟ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਹੋਈ ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਧ ਤੋੜ ਵੱਧ ਸਕਰੀਨਿੰਗ ਕੈਂਪ ਲਗਾਏ ਜਾਣ ਤਾਂ ਜੋ ਬੀ.ਪੀ., ਸ਼ੂਗਰ ਅਤੇ ਕੈਂਸਰ ਦੇ ਮਰੀਜਾਂ ਦੀ ਜਲਦ ਭਾਲ ਹੋ ਸਕੇ ਅਤੇ ਸਮੇਂ ਸਿਰ ਇਲਾਜ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਹਨਾਂ ਕਿਹਾ ਕਿ ਇਹਨਾਂ ਕੈਪਾਂ ਵਿੱਚ ਰੈਡ ਕਰਾਸ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਵੇ ।

ਸ਼੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਨੌਜਵਾਨ ਪੀੜੀ ਵਿੱਚ ਬੀਪੀ, ਸ਼ੂਗਰ ਅਤੇ ਕੈੰਸਰ ਦੀ ਬਿਮਾਰੀ ਤੇਜੀ ਨਾਲ ਫੈਲ ਰਹੀ ਹੈ ਸੋ ਆਮ ਲੋਕਾਂ ਨੂੰ ਇਹਨਾਂ ਤੋਂ ਬਚਣ ਲਈ ਚੰਗਾ ਰਹਿਣ ਸਹਿਣ, ਸੈਰ ਕਸਰਤ ਅਤੇ ਸੰਤੁਲਿਤ ਖੁਰਾਕ ਲੈਣ ਲਈ ਜਾਗਰੂਕ ਕਰਨ ਲਈ ਵੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ । ਉਹਨਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਆਸ਼ਾ, ਆਂਗਣਵਾੜੀ ਵਰਕਰ ਅਤੇ ਨਰਸਿੰਗ ਵਿਦਿਆਰਥੀਆਂ ਦੇ ਸਹਿਯੋਗ ਨਾਲ ਘਰ ਘਰ ਜਾ ਕੇ ਬਲੱਡ ਪ੍ਰੈਸ਼ਰ ਦੀ ਜਾਂਚ ਦੇ ਨਾਲ ਸ਼ੂਗਰ ਅਤੇ ਕੈਂਸਰ ਦੇ ਲੱਛਣਾ ਰਾਹੀਂ ਮਰੀਜਾਂ ਦੀ ਪਹਿਚਾਣ ਕਰਨ ਦੀ ਹਦਾਇਤ ਕੀਤੀ, ਤਾਂ ਜੋ ਉਹਨਾਂ ਦਾ ਮੁਫਤ ਅਤੇ ਜਲਦ ਇਲਾਜ ਹੋ ਸਕੇ। ਉਹਨਾਂ ਮੈਡੀਕਲ ਕਾਲਜ ਦੇ ਸਹਿਯੋਗ ਨਾਲ ਕੈਂਸਰ ਦੇ ਲੱਛਣਾਂ ਵਾਲੇ ਮਰੀਜਾਂ ਦੀ ਮੋਬਾਈਲ ਵੈਨ ਰਾਹੀਂ ਪਿੰਡ ਪਿੰਡ ਜਾ ਕੇ ਕਲੀਨੀਕਲ ਜਾਂਚ ਕਰਨ ਲਈ ਵੀ ਕਿਹਾ ।

ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਇੱਕ ਸਾਈਲੈਂਟ ਕਿਲਰ ਬਿਮਾਰੀ ਹੈ, ਆਮ ਤੌਰ ਤੇ ਲੋਕਾਂ ਨੂੰ ਜਾਂਚ ਤੋਂ ਬਿਨਾਂ ਇਹ ਪਤਾ ਹੀ ਨਹੀਂ ਲਗਦਾ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਬਿਮਾਰੀ ਹੈ । ਸੋ, ਇਹਨਾਂ ਬਿਮਾਰੀਆਂ ਸਬੰਧੀ ਸਮੇਂ ਸਿਰ ਡਾਕਟਰੀ ਜਾਂਚ ਅਤੇ ਇਲਾਜ ਬਹੁਤ ਜਰੂਰੀ ਹੈ । ਉਹਨਾਂ ਕਿਹਾ ਕਿ ਨੌਜਵਾਨ ਪੀੜੀ ਵਿੱਚ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਦਾ ਮੁੱਖ ਕਾਰਣ ਬੀ.ਪੀ. ਅਤੇ ਸੂਗਰ ਹੀ ਹਨ । ਉਹਨਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਸਰੀਰ ਵਿੱਚ ਕਿਤੇ ਵੀ ਗੰਢ ਹੋਣ, ਕਿਸੇ ਹਿੱਸੇ ਚੋਂ ਖੂਨ ਆਉਣ ਤੇ ਤਰੁੰਤ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ

ਡਾ. ਚੰਦਰ ਸ਼ੇਖਰ ਨੇ ਮੀਟਿੰਗ ਵਿੱਚ ਗੱਲ ਜੋਰ ਦੇ ਕੇ ਕਹੀ ਕਿ ਸਾਨੂੰ ਲੋਕਾਂ ਨੂੰ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੈਂਸਰ ਤੋਂ ਬਚਣ ਲਈ ਸਾਦਾ ਰਹਿਣ ਸਹਿਣ, ਚੰਗੀ ਖੁਰਾਕ ਅਤੇ ਤਣਾਅ ਮੁਕਤ ਜਿੰਦਗੀ ਜਿਉਣ ਲਈ ਜਾਗਰੂਕ ਅਤੇ ਪ੍ਰੇਰਿਤ ਕਰਨ ਦੀ ਲੋੜ ਹੈ । ਉੇਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆਂ ਭਰ ਵਿੱਚ ਬਲੱਡ ਪ੍ਰੈਸ਼ਰ ਨਾਲ 10.5% ਮੌਤਾਂ ਹੁੰਦੀਆਂ ਹਨ, ਜਦਕਿ ਸਾਹ ਦੀਆਂ ਬਿਮਾਰੀਆਂ ਨਾਲ 3.2%, ਡਾਇਰੀਆ ਨਾਲ 1.9%, ਏਡਜ ਨਾਲ 1.6%, ਟੀਬੀ ਨਾਲ 1.3% ਅਤੇ ਮਲੇਰੀਆ ਨਾਲ 0.6% ਮੌਤਾਂ ਹੁੰਦੀਆਂ ਹਨ । ਸੋ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਤਣਾਅ ਸਾਰੀਆਂ ਭਿਆਨਕ ਬਿਮਾਰੀਆਂ ਦੇ ਜਨਮਦਾਤਾ ਹਨ, ਸਾਨੂੰ ਸਭ ਨੂੰ ਰਲਕੇ ਇਹਨਾਂ ਨਾਲ ਲੜਨਾ ਪਵੇਗਾ ਤਾਂ ਜੋ ਜਿਲਾ ਫਰੀਦਕੋਟ ਨੂੰ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੈਂਸਰ ਦੀ ਬਿਮਾਰੀ ਤੋਂ ਮੁਕਤ ਕੀਤਾ ਜਾ ਸਕੇ ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੁਮਾਰ, ਐਨ.ਸੀ.ਡੀ. ਨੋਡਲ ਅਫਸਰ ਡਾ. ਵਿਵੇਕ ਰਿਜੋਰਾ, ਐਸ.ਐਮ.ੳ. ਡਾ. ਪਰਮਜੀਤ ਸਿੰਘ ਬਰਾੜ, ਐਸ.ਐਮ.ੳ. ਡਾ. ਰਾਜੀਵ ਭੰਡਾਰੀ, ਜਿਲਾ ਟੀ.ਬੀ. ਅਫਸਰ ਡਾ. ਲੀਨਾ ਚੋਪੜਾ ਭੱਲਾ, ਜਿਲਾ ਟੀਕਾਕਰਣ ਅਫਸਰ ਡਾ. ਸਰਵਦੀਪ ਸਿੰਘ ਰੋਮਾਣਾ, ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਕੈਂਥ, ਐਨ.ਸੀ.ਡੀ ਕੰਨਸਲਟੈੰਟ ਰਛਪਾਲ ਸਿੰਘ ਅਤੇ ਹੋਰ ਮੈਡੀਕਲ ਅਫਸਰ ਅਤੇ ਐਨ.ਸੀ.ਡੀ. ਕਲੀਨਿਕ ਸਟਾਫ ਹਾਜਰ ਸੀ  ।