ਕੈਂਪ ਦੇ ਤੀਸਰੇ ਦਿਨ ਖਡੂਰ ਸਾਹਿਬ ‘ਚ ਕੀਤੇ ਕਈ ਪ੍ਰੋਜੈਕਟ ਵਰਕ
ਖਡੂਰ ਸਾਹਿਬ, 6 ਫਰਵਰੀ: ਨਿਊਜ਼ ਸਰਵਿਸ ਰਾਸ਼ਟਰੀ ਸਦਭਾਵਨਾ, ਸਾਂਝ, ਮਿਲਵਰਤਨ, ਦੇਸ਼ ਪ੍ਰੇਮ ਅਤੇ ਆਪਸੀ ਭਾਈਚਾਰੇ ਦੇ ਮਿਸ਼ਨ ਤੇ ਪਹਿਰਾ ਦਿੰਦੇ ਹੋਏ ਨੈਸ਼ਨਲ ਯੂਥ ਪ੍ਰੋਜੈਕਟ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਦੂਸਰੇ ਪ੍ਰਾਂਤਾਂ ਦੇ ਸੱਭਿਆਚਾਰ ਦੇ ਰੂਬਰੂ ਹੁੰਦਿਆ ਉਨ੍ਹਾਂ ਤਹੱਈਆ ਕੀਤਾ ਕਿ ਉਹ ਦੇਸ਼ ਦੀ ਭਲਾਈ ਲਈ ਆਪਣਾ ਅਹਿਮ ਕਿਰਦਾਰ ਅਦਾ ਕਰਨਗੇ। ਕੈਂਪ ਦੇ ਤੀਸਰੇ ਦਿਨ ਅੱਜ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਨੌਜਵਾਨਾਂ ਨੇ ਕਈ ਪ੍ਰੋਜੈਕਟ ਵਰਕ ਕੀਤੇ। ਨੌਜਵਾਨਾਂ ਨੇ ਬਾਬਾ ਸੇਵਾ ਸਿੰਘ ਜੀ ਦੀ ਦੇਖਰੇਖ ਵਿੱਚ ਤਿਆਰ ਕੀਤੀ ਪੌਦਿਆਂ ਦੀ ਨਰਸਰੀ, ਲੰਗਰ ਸੇਵਾ ਤੋਂ ਇਲਾਵਾ ਕਈ ਸਥਾਨਾਂ ਦੀ ਸਾਫ਼ ਸਫ਼ਾਈ ਕਰ ਕੇ ਹੱਥੀ ਕੰਮ ਕਰਨ ਦਾ ਸੰਦੇਸ਼ ਦਿੱਤਾ। ਰਾਸ਼ਟਰ ਪੱਧਰੀ ਇਹ ਕੈਂਪ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਵਿਸ਼ੇਸ਼ ਸਹਿਯੋਗ ਨਾਲ ਚੱਲ ਰਿਹਾ ਹੈ। ਪੂਰਾ ਕੈਂਪ ਇੱਕ ਯੋਜਨਾਬੱਧ ਤਰੀਕੇ ਨਾਲ ਅਨੁਸ਼ਾਸ਼ਨ ਵਿੱਚ ਰਹਿ ਕੇ ਹੀ ਚੱਲਦਾ ਹੈ। ਜਿਸ ਵਿੱਚ ਇਸ ਪ੍ਰੋਜੈਕਟ ਦੇ ਮੈਨੇਜਿੰਗ ਟਰੱਸਟੀ ਗੁਰਦੇਵ ਸਿੰਘ ਸਿੱਧੂ ਅਤੇ ਅਮਰੀਕੀ ਸਿੰਘ ਕਲੇਰ ਦਿਨ ਭਰ ਦੀ ਸਾਰੀ ਵਿਉਂਤਬੰਦੀ ਬਣਾ ਕੇ ਕੈਂਪ ‘ਚ ਇੱਕਤਰ ਹੋਏ ਨੌਜਵਾਨਾਂ ਦਾ ਮਾਰਗ ਦਰਸ਼ਨ ਕਰ ਰਹੇ ਹਨ। ਨੌਜਵਾਨ ਖੁਸ਼ ਹਨ ਕਿ ਜਿੱਥੇ ਇੱਕ ਪਾਸੇ ਉਨ੍ਹਾਂ ਨੂੰ ਆਪਣੇ ਦੇਸ਼ ਲਈ ਕੁੱਝ ਕਰਨ ਦਾ ਮੌਕਾ ਮਿਲਿਆ ਹੈ, ਉੱਥੇ ਦੂਸਰੇ ਪਾਸੇ ਉਨ੍ਹਾਂ ਨੂੰ ਖਡੂਰ ਸਾਹਿਬ ਵਿੱਚ ਹੀ ਪੂਰੇ ਭਾਰਤ ਦੇ ਲੋਕਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ। ਹਰੇਕ ਨਾਲ ਰਲ ਮਿਲ ਪ੍ਰੇਰਨਾਦਾਇਕ ਯੁਵਾ ਗੀਤ ਗਾ ਕੇ, ਇੱਕ ਦੂਸਰੇ ਦੇ ਰਾਜ ਦੇ ਇਤਿਹਾਸ ਨੂੰ ਜਾਣ ਕੇ ਫਿਰ ਉਨ੍ਹਾਂ ਨਾਲ ਮੰਨੋਰੰਜਕ ਖੇਡ ਕ੍ਰਿਆਵਾਂ ਦਾ ਆਨੰਦ ਮਾਣ ਕੇ ਉਨ੍ਹਾਂ ਨੂੰ ਤਸੱਲੀ ਹੈ ਕਿ ਹੁਣ ਉਨ੍ਹਾਂ ਲਈ ਪੂਰਾ ਭਾਰਤ ਇੱਕ ਪਰਿਵਾਰ ਦੀ ਤਰ੍ਹਾਂ ਬਣ ਗਿਆ ਹੈ। ਇਸ ਟਰੱਸਟ ਦੇ ਸਲਾਹਕਾਰ ਸੁਰੇਸ਼ ਰਾਠੀ, ਸੁਧੀਰ ਭਾਈ ਗੋਇਲ, ਆਰ.ਸੀ. ਗੁਪਤਾ ਖਜ਼ਾਨਚੀ, ਜਗਦੀਸ਼ ਚੌਧਰੀ, ਅਜੈ ਪਾਂਡੇ ਅਤੇ ਸੰਜੇ ਰਾਏ ਟਰੱਸਟ ਮੈਂਬਰ ਆਪਣੇ ਅਹਿਮ ਤਜ਼ਰਬੇ ਸਾਂਝੇ ਕਰ ਰਹੇ ਹਨ। ਸਮੂਹ ਸਾਥੀਆਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਵੀ ਦਰਸ਼ਨ ਕੀਤੇ। ਕੈਂਪ ਵਿੱਚ ‘ਜਯ ਜਗਤ ਪੁਕਾਰੇ ਜਾ’ ਗੀਤ ਅਤੇ ਵੱਖ-ਵੱਖ ਰਾਜਾਂ ਦੇ ਅਲੱਗ-ਅਲੱਗ ਨਾਅਰਿਆਂ ਨੇ ਸਭ ਦਾ ਦਿਲ ਮੋਂਹ ਲਿਆ। ਕਾਲਜ ਦੇ ਪ੍ਰਿੰਸੀਪਲ ਡਾ: ਬਲਵੰਤ ਸਿੰਘ ਸੰਧੂ ਹਰ ਸਮੇਂ ਸਹਿਯੋਗ ਪ੍ਰਦਾਨ ਕਰ ਰਹੇ ਹਨ। ਇਸ ਕੈਂਪ ‘ਚ ਭਾਰਤ ਦੀਆਂ ਲੱਗਭੱਗ ਦੋ ਦਰਜ਼ਨਾਂ ਦੇ ਕਰੀਬ ਸਾਥੀ ਭਾਗ ਲੈ ਰਹੇ ਹਨ। ਪ੍ਰੈੱਸ ਨੋਟ ਜਾਰੀ ਕਰਦਿਆਂ ਰਾਜੇਸ਼ ਬੁਢਲਾਡਾ ਨੇ ਕਿਹਾ ਕਿ ਇਹੋ ਜਿਹੇ ਕੈਂਪ ਦੇਸ਼ ਦੀ ਏਕਤਾ, ਸਦਭਾਵਨਾ, ਖੁਸ਼ਹਾਲੀ ਲਈ ਭਵਿੱਖ ‘ਚ ਸਫ਼ਲਤਾ ਦੇ ਅਹਿਮ ਰੰਗ ਬਿਖੇਰਨ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕਰਨਗੇ।
ਇਸ ਕੈਂਪ ਵਿੱਚ ਮੇਜ਼ਮਾਨ ਰਾਜ ਪੰਜਾਬ ਤੋਂ ਇਲਾਵਾ ਛੱਤੀਸਗੜ੍ਹ, ਦਿੱਲੀ, ਬਿਹਾਰ, ਕਰਨਾਟਕਾ, ਗੁਜਰਾਤ, ਹਰਿਆਣਾ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ, ਪਾਂਡੇਚਿਰੀ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮੱਧ ਪ੍ਰਦੇਸ਼ ਆਦਿ ਰਾਜਾਂ ਨੇ ਇੱਕ ਦੂਸਰੇ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ।