ਚੰਡੀਗੜ੍ਹ : ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜੱਥੇ ਦੇ ਨਾਲ ਡੇਰਾ ਬਾਬਾ ਨਾਨਕ ਸਥਿਤ ਕਾਰੀਡੋਰ ਤੋਂ ਹੋ ਕੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਨਹੀਂ ਜਾ ਸਕੇ। ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਨੇ ਜਾਣ ਦੀ ਆਗਿਆ ਨਹੀਂ ਦਿੱਤੀ, ਪਰ ਹੁਣ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦਾ ਨਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਜਾਣ ਵਾਲੇ ਪਹਿਲੇ ਜੱਥੇ ਵਿਚ ਸੀ ਹੀ ਨਹੀਂ।
ਬੀਤੀ ਰਾਤ ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਕਰਤਾਰਪੁਰ ਜਾਣ ਦੀ ਆਗਿਆ ਨਾ ਮਿਲਣ ਦੀ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਦਿਨ ਵੇਲੇ ਉਹ ਮੁੱਖ ਮੰਤਰੀ ਚੰਨੀ ਦੇ ਵਫ਼ਦ ਦੇ ਨਾਲ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਨਹੀਂ ਜਾ ਸਕੇ। ਸਿੱਧੂ ਦੇ ਮੀਡੀਆ ਸਲਾਹਕਾਰ ਜਗਤਾਰ ਸਿੱਧੂ ਨੇ ਦੋਸ਼ ਲਾਇਆ ਕਿ ਸਿਆਸੀ ਕਾਰਨਾਂ ਸਦਕਾ ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਕੇਂਦਰ ਸਰਕਾਰ ਨੇ ਆਗਿਆ ਨਹੀਂ ਦਿੱਤੀ ਹੈ
ਹੁਣ ਸਿੱਧੂ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਆਗਿਆ ਨਾ ਮਿਲਣ ਦੇ ਅਸਲੀ ਕਾਰਨ ਦਾ ਖੁਲਾਸਾ ਹੋਇਆ ਹੈ। ਅਸਲ ਵਿਚ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਭੇਜੀ ਗਈ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਲੋਕਾਂ ਦੀ ਪਹਿਲੀ ਸੂਚੀ ਵਿਚ ਨਵਜੋਤ ਸਿੱਧੂ ਦਾ ਨਾਮ ਸ਼ਾਮਲ ਨਹੀਂ ਕੀਤਾ ਸੀ। ਦੂਜੀ ਸੂਚੀ ਵਿਚ ਉਨ੍ਹਾਂ ਦਾ ਨਾਮ ਭੇਜਿਆ ਗਿਆ। ਇਸੇ ਕਾਰਨ 18 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਪਹਿਲੇ ਜੱਥੇ ’ਚ ਥਾਂ ਨਹੀਂ ਮਿਲ ਸਕੀ।
ਸਿੱਧੂ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਪੰਜਾਬ ਸਰਕਾਰ ਦੇ ਜੱਥੇ ’ਚ ਥਾਂ ਨਾ ਮਿਲ ਸਕਣ ਨੂੰ ਲੈ ਕੇ ਦਿਨ ਭਰ ਚਰਚਾਵਾਂ ਨੂੰ ਲੈ ਕੇ ਬਾਜ਼ਾਰ ਗਰਮ ਰਿਹਾ। ਸਿੱਧੂ ਪਹਿਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ 2019 ਵਿਚ ਕਰਤਾਰਪੁਰ ਕਾਰੀਡੋਰ ਖੋਲ੍ਹਣ ਨੂੰ ਲੈ ਕੇ ਸੂਚਨਾ ਦਿੱਤੀ ਸੀ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਕਾਰੀਡੋਰ ਨੂੰ ਮੁੜ ਖੋਲ੍ਹਣ ਦੇ ਐਲਾਨ ਤੋਂ ਬਾਅਦ ਮੰਗਲਵਾਰ ਨੂੰ ਸੂਬਾ ਸਰਕਾਰ ਨੇ ਸਿੱਧੂ ਨਾਲ ਸੰਪਰਕ ਕੀਤਾ ਸੀ, ਹਾਲਾਂਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਇਕ ਸੂਚੀ ਕੇਂਦਰ ਸਰਕਾਰ ਨੂੰ ਭੇਜੀ ਸੀ।
ਕੇਂਦਰ ਸਰਕਾਰ ਨੇ 50 ਵਿਅਕਤੀਆਂ ਦੇ ਹੀ ਜਾਣ ਦੀ ਆਗਿਆ ਪੰਜਾਬ ਸਰਕਾਰ ਨੂੰ ਦਿੱਤੀ ਸੀ। ਸਿੱਧੂ ਨੇ ਜਦੋਂ ਕਰਤਾਰਪੁਰ ਸਾਹਿਬ ਜਾਣ ਦੀ ਇੱਛਾ ਜਤਾਈ ਤਾਂ ਦੂਜੀ ਸੂਚੀ ਵਿਚ ਉਨ੍ਹਾਂ ਦਾ ਨਾਮ ਸ਼ਾਮਲ ਕਰਕੇ ਭੇਜਿਆ ਗਿਆ। ਪਰ ਉਨ੍ਹਾਂ ਨੂੰ 18 ਨਵੰਬਰ ਨੂੰ ਜਾਣ ਦੀ ਆਗਿਆ ਨਹੀਂ ਮਿਲੀ। ਹੁਣ ਉਹ 20 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣਗੇ।
ਜਾਣਕਾਰੀ ਅਨੁਸਾਰ ਸਿੱਧੂ ਨੇ ਕਰਤਾਰਪੁਰ ਸਾਹਿਬ ਜਾਣ ਨੂੰ ਲੈ ਕੇ ਆਪਣਾ ਬੈਗ ਤਕ ਪੈਕ ਕਰ ਲਿਆ ਸੀ ਪਰ ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਤੇ ਖੁਫ਼ੀਆ ਵਿਭਾਗ ਦੇ ਇਕ ਅਧਿਕਾਰੀ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਨਾਮ ਉਸ ਸੂਚੀ ਵਿਚ ਸ਼ਾਮਲ ਨਹੀਂ ਹੈ, ਜੋ 18 ਨਵੰਬਰ ਨੂੰ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਸ ਨਾਲ ਸਿੱਧੂ ਕਾਫੀ ਦੁਖੀ ਵੀ ਹੋ ਗਏ ਸਨ। ਉੱਥੇ, ਜਿਵੇਂ ਹੀ ਮੁੱਖ ਮੰਤਰੀ ਜੱਥਾ ਪਾਕਿਸਤਾਨ ਲਈ ਰਵਾਨਾ ਹੋਇਆ, ਸਿੱਧੂ ਨੇ ਇਕ ਵੀਡੀਓ ਨਾਲ ਟਵੀਟ ਕੀਤਾ। ਇਸ ਵਿਚ ਕਰਤਾਰਪੁਰ ਸਾਹਿਬ ਕਾਰੀਡੋਰ ਖੋਲ੍ਹਣ ਦੀ ਮੰਗ ਨਾਲ ਸ਼ੁਰੂ ਹੋਏ ਘਟਨਾਕ੍ਰਮ ਦਾ ਵਰਣਨ ਹੈ।