ਲੁਧਿਆਣਾ : ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਜਦੋਂ ਇਰਾਦਾ ਕਤਲ ਦੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਤਾਂ ਕਈ ਤੱਥ ਸਾਹਮਣੇ ਆਏ। ਮੁੱਢਲੀ ਤਫਤੀਸ਼ ਦੇ ਦੌਰਾਨ ਕਾਬੂ ਕੀਤੇ ਇਕ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪ੍ਰਾਪਰਟੀ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਪਣੇ ਲਾਈਸੈਂਸੀ ਰਿਵਾਲਵਰ ਨਾਲ ਫਾਇਰ ਕੀਤੇ ਅਤੇ ਹਥਿਆਰ ਸਰਾਭਾ ਨਗਰ ਡੀ ਜ਼ੋਨ ਦੇ ਪਿਛਲੇ ਪਾਸੇ ਪੈਂਦੀ ਪਾਰਕ ਵਿਚ ਲੁਕਾ ਦਿੱਤਾ। ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਪਾਰਕ ‘ਚੋਂ ਰਿਵਾਲਵਰ ਬਰਾਮਦ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਅਡੀਸ਼ਨਲ ਐੱਸਐੱਚਓ ਪ੍ਰਦੀਪ ਸਿੰਘ ਨੇ ਦਸਿਆ ਕਿ 17 ਨਵੰਬਰ ਨੂੰ ਦਰਜ ਕੀਤੇ ਗਏ ਇਰਾਦਾ ਕਤਲ ਅਤੇ ਅਸਲਾ ਐਕਟ ਦੇ ਮਾਮਲੇ ਵਿਚ ਜਦੋਂ ਪੁਲਿਸ ਨੇ ਮੁਲਜ਼ਮ ਕੁਲਵਿੰਦਰ ਸਿੰਘ ਕੋਲੋਂ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਨਗਰ ਨਿਗਮ ਡੀ ਜਾਣ ਦੇ ਪਿੱਛੇ ਪੈਂਦੀ ਪਾਰਕ ‘ਚੋਂ ਲੁਕਾ ਕੇ ਰੱਖਿਆ ਗਿਆ ਲਾਇਸੰਸੀ ਰਿਵਾਲਵਰ ਬਰਾਮਦ ਕੀਤਾ ਗਿਆ। ਪੁੱਛਗਿੱਛ ਦੇ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੇਵ ਨਗਰ ਇਲਾਕੇ ਵਿਚ ਕਬਜ਼ਾ ਲੈਣ ਦੀ ਨੀਅਤ ਨਾਲ ਫਾਇਰ ਕੀਤੇ ਸਨ। ਇਸ ਮਾਮਲੇ ਵਿਚ ਜਾਂਚ ਅਧਿਕਾਰੀ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।