ਸਾਓ ਪਾਉਲੋ – ਅਰਜਨਟੀਨਾ ਨੇ ਆਪਣੇ ਧੁਰ ਵਿਰੋਧੀ ਬ੍ਰਾਜ਼ੀਲ ਖ਼ਿਲਾਫ਼ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਦਾ ਮੈਚ ਗੋਲਰਹਿਤ ਡਰਾਅ ਖੇਡ ਕੇ ਅਗਲੇ ਸਾਲ ਕਤਰ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਆਪਣੀ ਥਾਂ ਸੁਰੱਖਿਅਤ ਕਰ ਲਈ। ਇਸ ਨਾਲ ਅਰਜਨਟੀਨਾ ਦੇ ਸੁਪਰ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੂੰ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਪੰਜਵਾਂ ਤੇ ਸੰਭਵ ਤੌਰ ‘ਤੇ ਆਖ਼ਰੀ ਮੌਕਾ ਵੀ ਮਿਲ ਗਿਆ ਹੈ
ਦੂਜੇ ਸਥਾਨ ‘ਤੇ ਕਾਬਜ ਅਰਜਨਟੀਨਾ ਨੇ ਤੀਜੇ ਸਥਾਨ ਦੀ ਟੀਮ ਇਕਵਾਡੋਰ ਦੀ ਚਿਲੀ ‘ਤੇ 2-0 ਦੀ ਜਿੱਤ ਤੋਂ ਬਾਅਦ ਕਤਰ ਵਿਚ ਹੋਣ ਵਾਲੇ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਅਰਜਨਟੀਨਾ ਦੇ ਹੁਣ 29 ਅੰਕ ਹਨ ਤੇ ਸਿਰਫ਼ ਚਾਰ ਕੁਆਲੀਫਾਇਰ ਮੈਚ ਬਚੇ ਹੋਏ ਹਨ ਇਸ ਕਾਰਨ ਮੈਸੀ ਦੀ ਅਗਵਾਈ ਵਾਲੀ ਟੀਮ ਨੂੰ ਦੋ ਤੋਂ ਵੱਧ ਟੀਮਾਂ ਪਿੱਛੇ ਨਹੀਂ ਛੱਡ ਸਕਦੀਆਂ।
ਸੂਚੀ ਵਿਚ ਸਿਖਰ ‘ਤੇ ਚੱਲ ਰਿਹਾ ਬ੍ਰਾਜ਼ੀਲ ਪਹਿਲਾਂ ਹੀ ਵਿਸ਼ਵ ਕੱਪ ਵਿਚ ਥਾਂ ਬਣਾ ਚੁੱਕਾ ਹੈ। ਦੱਖਣੀ ਅਮਰੀਕਾ ਤੋਂ ਚਾਰ ਟੀਮਾਂ ਨੂੰ ਵਿਸ਼ਵ ਕੱਪ ਵਿਚ ਸਿੱਧਾ ਪ੍ਰਵੇਸ਼ ਮਿਲਦਾ ਹੈ ਜਦਕਿ ਪੰਜਵੇਂ ਸਥਾਨ ਦੀ ਟੀਮ ਨੂੰ ਪਲੇਆਫ ਵਿਚ ਖੇਡਣਾ ਪੈਂਦਾ ਹੈ। ਬ੍ਰਾਜ਼ੀਲ ਦੇ 35 ਅੰਕ ਹਨ ਜੋ ਅਰਜਨਟੀਨਾ ਤੋਂ ਛੇ ਵੱਧ ਹਨ।
ਇਨ੍ਹਾਂ ਦੋਵਾਂ ਟੀਮਾਂ ਨੇ 13 ਮੈਚ ਖੇਡ ਲਏ ਹਨ ਜੋ ਹੋਰ ਟੀਮਾਂ ਤੋਂ ਇਕ ਘੱਟ ਹਨ ਕਿਉਂਕਿ ਇਨ੍ਹਾਂ ਦੋਵਾਂ ਵਿਚਾਲੇ ਸਤੰਬਰ ਵਿਚ ਖੇਡਿਆ ਜਾਣ ਵਾਲਾ ਮੈਚ ਸਿਰਫ਼ ਸੱਤ ਮਿੰਟ ਬਾਅਦ ਕੋਵਿਡ-19 ਪਾਬੰਦੀਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਵਿਸ਼ਵ ਕੱਪ ਫੁੱਟਬਾਲ ਸੰਸਥਾ ਫੀਫਾ ਨੇ ਅਜੇ ਇਸ ਮੈਚ ਦਾ ਫ਼ੈਸਲਾ ਕਰਨਾ ਹੈ। ਇਕਵਾਡੋਰ 23 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ।
ਆਖ਼ਰੀ ਸਥਾਨ ਦੀ ਟੀਮ ਵੈਨਜ਼ੂਏਲਾ ਤੋਂ ਇਲਾਵਾ ਹੋਰ ਟੀਮਾਂ ਕੋਲ ਕੁਆਲੀਫਾਈ ਕਰਨ ਦਾ ਮੌਕਾ ਹੈ। ਕੋਲੰਬੀਆ ਤੇ ਪੇਰੂ ਦੇ 17 ਅੰਕ ਹਨ ਜਦਕਿ ਚਿਲੀ ਤੇ ਉਰੂਗੁਏ 16 ਅੰਕ ਲੈ ਕੇ ਛੇਵੇਂ ਤੇ ਸੱਤਵੇਂ ਸਥਾਨ ‘ਤੇ ਹਨ। ਬੋਲੀਵੀਆ (15 ਅੰਕ) ਤੇ ਪੈਰਾਗੁਏ (13 ਅੰਕ) ਵੀ ਅਜੇ ਦੌੜ ਵਿਚ ਬਣੇ ਹੋਏ ਹਨ। ਬੋਲੀਵੀਆ ਨੇ ਇਕ ਹੋਰ ਮੈਚ ਵਿਚ ਉਰੂਗੁਏ ਨੂੰ 3-0 ਨਾਲ ਅਤੇ ਪੇਰੂ ਨੇ ਵੈਨਜ਼ੁਏਲਾ ਨੂੰ 2-1 ਨਾਲ ਹਰਾਇਆ ਜਦਕਿ ਕੋਲੰਬੀਆ ਤੇ ਪੈਰਾਗੁਏ ਦਾ ਮੈਚ ਗੋਲਰਹਿਤ ਡਰਾਅ ਖ਼ਤਮ ਹੋਇਆ।