ਬਰਨਾਲਾ, 20ਜਨਵਰੀ/ਕਰਨਪ੍ਰੀਤ ਕਰਨ /- ਪੰਜਾਬ ਸਰਕਾਰ ਦੇ ਈ-ਗਵਰਨੈਂਸ ਵਿਭਾਗ ਵੱਲੋਂ ਸੇਵਾ ਕੇਂਦਰਾਂ ਵਿੱਚ ਤਿੰਨ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦਾ ਫਾਇਦਾ ਸਿੱਧਾ ਆਮ ਲੋਕਾ ਨੂੰ ਹੋਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸਟੈਂਪ ਵੈਂਡਰ ਦਾ ਕੰਮ ਸ਼ੁਰੂ ਕਰਨ ਲਈ ਲਾਇਸੈਂਸ ਅਪਲਾਈ ਕਰਨਾ, ਕਿਸੇ ਬਿਲਡਿੰਗ ਨੂੰ ਆਰਮਜ਼ ਫਰੀ ਜ਼ੋਨ ਘੋਸ਼ਿਤ ਕਰਨ ਲਈ ਸਰਟੀਫਿਕੇਟ ਲੈਣਾ ਅਤੇ ਈ- ਸ਼੍ਰਮ ਕਾਰਡ ਲੈਣ ਦੀਆਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਈ-ਗਵਰਨੈਂਸ ਖੇਤਰ ਵਿੱਚ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਈ-ਸ਼ਰਮ ਈ- ਸ਼੍ਰਮ ਕਾਰਡ ਦੀ ਫੀਸ ਸਿਰਫ ਦਸ ਰੁਪਏ ਹੈ। ਸਟੈਂਪ ਵੈਂਡਰ ਦਾ ਕੰਮ ਸ਼ੁਰੂ ਕਰਨ ਲਈ 710 ਰੁਪਏ ਦੀ ਫੀਸ ਭਰ ਕੇ ਲਾਇਸੈਂਸ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਸਕੂਲ, ਕਾਲਜਾਂ, ਸਿਨੇਮਾ ਘਰਾਂ, ਸ਼ਾਪਿੰਗ ਮਾਲ, ਹਸਪਤਾਲਾਂ, ਮੈਰਿਜ ਪੈਲੇਸਾਂ, ਸਰਕਾਰੀ ਬਿਲਡਿਗਾਂ ਆਦਿ ਨੂੰ ਆਰਮ ਫਰੀ (ਹਥਿਆਰ ਮੁਕਤ ਖੇਤਰ) ਜ਼ੋਨ ਦੇ ਨਵੇਂ ਲਾਇਸੈਂਸ ਪ੍ਰਾਪਤ ਕਰਨ ਲਈ ਸੇਵਾ ਕੇਂਦਰਾਂ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ ਜਿਸ ਦੀ ਫੀਸ 1700 ਰੁਪਏ ਹੈ ਜੋ ਕਿ ਪੰਜ ਸਾਲ ਲਈ ਬਣਦਾ ਹੈ।
ਓਨਾ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ 535 ਪ੍ਰਕਾਰ ਦੀਆਂ ਸੇਵਾਵਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਡੋਰ ਸਟੈੱਪ ਦੀ ਸਰਵਿਸ ਅਧੀਨ ਵੀ 43 ਸੇਵਾਵਾਂ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਦਾ ਫਾਇਦਾ ਲੋਕ ਘਰ ਬੈਠੇ ਲੈ ਸਕਦੇ ਹਨ।
ਸੇਵਾ ਕੇਂਦਰ ਬਰਨਾਲਾ ਦੇ ਜ਼ਿਲ੍ਹਾ ਮੈਨੇਜਰ ਮਨਜੀਤ ਸ਼ਰਮਾ ਵਲੋਂ ਦੱਸਿਆ ਗਿਆ ਕਿ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾਂ ਆਧਾਰ ਕਾਰਡ ਦੀ ਸਰਵਿਸ ਵੀ ਸੇਵਾ ਕੇਂਦਰਾਂ ਵਿੱਚ ਦਿੱਤੀ ਜਾ ਰਹੀ ਹੈ ਅਤੇ ਜਿਨਾਂ 15 ਸਾਲ ਤੱਕ ਦੇ ਬੱਚਿਆਂ ਦੀ ਬਾਇਉਮੈਟ੍ਰਿਕ ਪੈਂਡਿੰਗ ਹੈ, ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਵਿੱਚ ਜਾ ਕੇ ਅਪਡੇਟ ਕਰਵਾ ਸਕਦੇ ਹਨ ਕਿਉਂਕਿ ਇਹ ਇੱਕ ਜ਼ਰੂਰੀ ਪਛਾਣ ਪੱਤਰ ਬਣ ਚੁੱਕਾ ਹੈ। ਬਰਨਾਲਾ ਜ਼ਿਲ੍ਹੇ ਵਿੱਚ ਕੁੱਲ 14 ਸੇਵਾ ਕੇਂਦਰ ਹਨ ਜਿਨ੍ਹਾਂ ਵਿੱਚ ਇੱਕ ਜ਼ਿਲ੍ਹਾ ਪੱਧਰ ਤੇ ਟਾਇਪ-1 ਕੈਟਾਗਿਰੀ ਦੇ, ਅੱਠ ਟਾਈਪ-2 ਕੈਟਾਗਿਰੀ ਦੇ ਅਤੇ ਪੰਜ ਟਾਈਪ-3 ਕੈਟਾਗਿਰੀ ਦੇ ਹਨ, ਜਿਨ੍ਹਾਂ ਵਿੱਚ ਆਮ ਲੋਕ ਜਾ ਕੇ ਸਰਕਾਰੀ ਸੇਵਾਵਾਂ ਲੈ ਸਕਦੇ ਹਨ।