ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਆਈਸੀਸੀ ਪੁਰਸ਼ ਕ੍ਰਿਕਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਉਹ ਅਨਿਲ ਕੁੰਬਲੇ ਦੀ ਥਾਂ ਲੈਣਗੇ, ਜੋ ਨੌਂ ਸਾਲਾਂ ਤੱਕ ਇਸ ਅਹੁਦੇ ‘ਤੇ ਰਹੇ। ਕੁੰਬਲੇ ਨੇ ਤਿੰਨ-ਤਿੰਨ ਸਾਲ ਦੇ ਤਿੰਨ ਕਾਰਜਕਾਲ ਪੂਰੇ ਕੀਤੇ ਸਨ। ਹੁਣ ਉਹ ਇਸ ਅਹੁਦੇ ‘ਤੇ ਜ਼ਿਆਦਾ ਦੇਰ ਨਹੀਂ ਰਹਿ ਸਕਦੇ ਸਨ। ਕੁੰਬਲੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਕਰੀਬੀ ਰਹੇ ਹਨ, ਜੋ ਭਾਰਤ ਦੇ ਟੈਸਟ ਕਪਤਾਨ ਵੀ ਸਨ। ਅੰਤਰਰਾਸ਼ਟਰੀ ਕ੍ਰਿਕਟ ਕਮੇਟੀ ਖੇਡ ਦੀਆਂ ਸਥਿਤੀਆਂ ਤੇ ਨਿਯਮਾਂ ਦੀ ਨਿਗਰਾਨੀ ਕਰਦੀ ਹੈ।
ਗਾਂਗੁਲੀ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ 1996 ਵਿੱਚ ਲਾਰਡਸ ਵਿੱਚ ਆਪਣਾ ਡੈਬਿਊ ਕਰਦੇ ਹੋਏ ਇੰਗਲੈਂਡ ਦੇ ਖਿਲਾਫ ਸੈਂਕੜਾ ਲਗਾਇਆ ਸੀ। ਗਾਂਗੁਲੀ ਨੇ 49 ਟੈਸਟ ਤੇ 146 ਵਨਡੇ ਵਿੱਚ ਭਾਰਤ ਦੀ ਕਪਤਾਨੀ ਕੀਤੀ। ਇਹ ਸੌਰਵ ਗਾਂਗੁਲੀ ਸੀ ਜਿਸ ਨੇ ਭਾਰਤੀ ਟੀਮ ਨੂੰ ਵਿਦੇਸ਼ੀ ਧਰਤੀ ‘ਤੇ ਲੜਨਾ ਸਿਖਾਇਆ ਸੀ। ਉਨ੍ਹਾਂ ਆਪਣੀ ਕਪਤਾਨੀ ਵਿੱਚ 49 ਵਿੱਚੋਂ 21 ਟੈਸਟ ਮੈਚ ਜਿੱਤੇ। ਜਦਕਿ 146 ਵਨਡੇ ਮੈਚਾਂ ‘ਚੋਂ 76 ਮੈਚ ਜਿੱਤਣ ‘ਚ ਸਫਲ ਰਹੇ।
ਸੌਰਵ ਗਾਂਗੁਲੀ ਦਾ ਕ੍ਰਿਕਟ ਕਰੀਅਰ
ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਭਾਰਤ ਲਈ 113 ਟੈਸਟ ਮੈਚ ਖੇਡੇ ਜਿਸ ਵਿੱਚ ਉਨ੍ਹਾਂ ਨੇ 7212 ਦੌੜਾਂ ਬਣਾਈਆਂ। ਗਾਂਗੁਲੀ ਦੇ ਨਾਮ ਟੈਸਟ ਵਿੱਚ 16 ਸੈਂਕੜੇ ਅਤੇ 35 ਅਰਧ ਸੈਂਕੜੇ ਹਨ। ਕ੍ਰਿਕਟ ਦੇ ਸਭ ਤੋਂ ਵੱਡੇ ਫਾਰਮੈਟ ਵਿੱਚ ਉਸ ਦਾ ਸਰਵੋਤਮ ਸਕੋਰ 239 ਦੌੜਾਂ ਸੀ। ਉਨ੍ਹਾਂ 311 ਇੱਕ ਰੋਜ਼ਾ ਮੈਚਾਂ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਵਨਡੇ ‘ਚ 11363 ਦੌੜਾਂ ਬਣਾਈਆਂ। ਗਾਂਗੁਲੀ ਦਾ ਵਨਡੇ ਵਿੱਚ ਸਰਵੋਤਮ ਸਕੋਰ 183 ਦੌੜਾਂ ਸੀ। ਵਨਡੇ ‘ਚ ਗਾਂਗੁਲੀ ਨੇ 22 ਸੈਂਕੜੇ ਸਮੇਤ 72 ਅਰਧ ਸੈਂਕੜੇ ਲਗਾਏ।