ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੇ ਖੇਤੀਬਾੜੀ ਧੰਦੇ ਨੂੰ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੇ ਰਾਹ ਪੈ ਗਈ ਹੈ। ਜਿਸ ਦਾ ਪੰਜਾਬ ਦੇ ਕਿਸਾਨ ਮੂੰਹ ਤੋੜਵਾਂ ਜਵਾਬ ਦੇਣਗੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਆਗੂ ਕਿਸਾਨ ਸੋਹਣ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋ-ਆਪਰੇਟਿਵ ਬੈਂਕ ਲਿਮ: ਜਿਲ੍ਹਾ ਮਾਨਸਾ ਨੇ ਵਿਸ਼ੇਸ ਮਿਲਣੀ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਵਿੱਚ ਖੇਤੀਬਾੜੀ ਧੰਦਾ ਪ੍ਰਫੁੱਲਤ ਹੋਵੇ, ਉਸ ਵੱਲੋਂ ਪਹਿਲਾਂ ਕਾਲੇ ਕਾਨੂੰਨ ਬਣਾਏ ਗਏ I ਜਿਸ ਨੂੰ ਪੰਜਾਬ ਦੇ ਕਿਸਾਨਾਂ ਨੇ ਹਰ ਵਰਗ ਦੇ ਸਹਿਯੋਗ ਨਾਲ ਰੱਦ ਕਰਵਾਏ। ਹੁਣ ਉਹ ਨਵੀਂ ਕਿਸਾਨ, ਮਜਦੂਰ, ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਮੰਡੀਆਂ ਵਿੱਚ ਮਿਹਨਤ ਕਰਕੇ ਦੋ ਡੰਗ ਦੀ ਰੋਟੀ ਕਮਾਉਣ ਵਾਲਿਆਂ ਨੂੰ ਮਾਰੂ ਨੀਤੀਆਂ ਖਰੜੇ ਦੇ ਰੂਪ ਵਿੱਚ ਭੇਜ ਕੇ ਸੂਬਾ ਸਰਕਾਰਾਂ ਨੂੰ ਲਾਗੂ ਕਰਨ ਲਈ ਭੇਜ ਰਹੀ ਹੈ ।
ਇਸ ਖਰੜੇ ਦੇ ਡਰਾਫਟ ਵਿੱਚ ਉਨ੍ਹਾਂ ਦੀ ਮਨਸ਼ਾ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਖਰੀਦ ਮੰਡੀਆਂ ਨੂੰ ਖਤਮ ਕਰਨਾ ਹੈ ਤਾਂ ਜੋ ਅਡਾਨੀ, ਅੰਬਾਨੀ ਦੇ ਗੁਦਾਮਾਂ ਚ ਜਿਨਸਾਂ ਨੂੰ ਬੇਰੋਕ ,ਟੋਕ ਮਨਮਰਜ਼ੀ ਦੇ ਭਾਅ ਦੇ ਕੇ ਖਰੀਦਿਆ ਜਾਵੇ।
ਜਿਸ ਦਾ ਪੰਜਾਬ ਦੇ ਲੋਕ ਡਟਵਾਂ ਵਿਰੋਧ ਕਰਦੇ ਹੋਏ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੰਦੇ ਹਨ ਕਿ ਉਨ੍ਹਾਂ ਦਾ ਰੁਜ਼ਗਾਰ ਨਾ ਖੋਹਿਆ ਜਾਵੇ I
ਜੇਕਰ ਮੋਦੀ ਸਰਕਾਰ ਨੇ ਅਜਿਹੇ ਲੋਕ-ਮਾਰੂ ਫੈਸਲੇ ਲੈਣੇ ਬੰਦ ਨਾ ਕੀਤੇ ਤਾਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਵਾਰ ਫੇਰ ਦਿੱਲੀ ਦੀਆਂ ਬਰੂਹਾਂ ਤੇ ਧਰਨੇ ਲਾਉਣ ਲਈ ਮਜਬੂਰ ਹੋਣਾ ਪਵੇਗਾ ।