ਅਜਨਾਲਾ (ਅੰਮ੍ਰਿਤਸਰ) ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਬਾਰਡਰ ਏਰੀਆ ‘ਚ BSF ਦਾ ਦਾਇਰਾ ਵਧਾਉਣ ‘ਤੇ ਸਵਾਲ ਉਠਾਇਆ ਹੈ। ਬੀਐੱਸਐੱਫ ਆਪਣੇ ਪੁਰਾਣੇ ਦਾਇਰੇ ‘ਚ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ‘ਅਦ੍ਰਿਸ਼ ਐਮਰਜੈਂਸੀ’ ਵਰਗੇ ਹਾਲਾਤ ਬਣ ਰਹੇ ਹਨ। ਇਸ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਸ ਮਾਮਲੇ ‘ਚ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਸਵਾਲ ਉਠਾਏ।
ਪੰਜਾਬ ਦੇ ਡਿਪਟੀ ਸੀਐੱਮ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦਾ ਦਾਇਰਾ ਵਧਾ ਕੇ 50 ਕਿੱਲੋਮੀਟਰ ਕਰਨ ‘ਤੇ ਇਤਰਾਜ਼ ਪ੍ਰਗਟਾਇਆ ਹੈ ਤੇ ਕਿਹਾ ਕਿ ਇਸ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਪੈਦਾ ਹੋਣਗੀਆਂ। ਰੰਧਾਵਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਹੱਥਾਂ ‘ਚ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੇਂਦਰ ਸਰਕਾਰ ਨੂੰ ਅਜਿਹੇ ਕਦਮ ਉਠਾਉਣ ਦੀ ਬਜਾਏ ਸਰਹੱਦ ਪਾਰ ਪਾਕਿਸਤਾਨ ਤੋਂ ਆਉਣ ਵਾਲੇ ਡਰੱਗਜ਼, ਹਥਿਆਰਾਂ ਤੇ ਡ੍ਰੋਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸ਼ਾਂਤੀਪੂਰਨ ਪੰਜਾਬੀਆਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।
ਡਿਪਟੀ ਸੀਐੱਮ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੀ ਰਾਤ ਅੰਮ੍ਰਿਤਸਰ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਅਜਨਾਲਾ ਇਲਾਕੇ ਦਾ ਦੌਰਾ ਕੀਤਾ। ਉਨ੍ਹਾਂ ਇਸ ਦੌਰਾਨ ਬੀਐੱਸਐੱਫ ਦੇ ਅਧਿਕਾਰੀਆਂ ਤੇ ਖੇਤਰੀ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, ‘ਬੀਐੱਸਐੱਫ ਨੂੰ ਸਰਹੱਦ ‘ਤੇ ਹੀ ਰੱਖਿਆ ਜਾਣਾ ਚਾਹੀਦੈ ਤੇ ਬਾਕੀ ਇਲਾਕਿਆਂ ਨੂੰ ਕਾਨੂੰਨੀ-ਵਿਵਸਥਾ ਬਣਾਈ ਰੱਖਣ ਲਈ ਪੰਜਾਬ ਪੁਲਿਸ ਲਈ ਛੱਡ ਦੇਣਾ ਚਾਹੀਦੈ।’
ਰੰਧਾਵਾ ਨੇ ਕਿਹਾ ਕਿ ਲੋਕਾਂ ਨੂੰ ਡਰ ਹੈ ਕਿ ਬੀਐੱਸਐੱਫ ਦੇ ਜਵਾਨ ਬੇਤਰਤੀਬੇ ਢੰਗ ਨਾਲ ਉਨ੍ਹਾਂ ਦੇ ਘਰਾਂ ‘ਚ ਵੜ ਜਾਣਗੇ, ਪਿੰਡਾਂ ਦੀ ਘੇਰਾਬੰਦੀ ਕਰਨਗੇ ਤੇ ਤਲਾਸ਼ੀ ਲੈਣਗੇ। ਜੇਕਰ ਬੀਐੱਸੈੱਫ ਪਿੰਡਾਂ ‘ਚ ਪ੍ਰਵੇਸ਼ ਕਰਦੀ ਹੈ, ਤਲਾਸ਼ੀ ਲੈਂਦੀ ਹੈ, ਮਾਮਲੇ ਦਰਜ ਕਰਦੀ ਹੈ ਜਾਂ ਸਟੇਸ਼ਨ ਸਥਾਪਿਤ ਕਰਦੀ ਹੈ ਤਾਂ ਇਹ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦਾ ਯਤਨ ਹੋਵੇਗਾ।
ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਹਮਲਾ ਕੀਤਾ ਤੇ ਉਨ੍ਹਾਂ ਦੇ ਇਕ ਪੁਰਾਣੇ ਇੰਟਰਵਿਊ ਸਬੰਧੀ ਸਵਾਲ ਉਠਾਏ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਹੁਣ ਬੀਐੱਸਐੱਫ ਦਾ ਦਾਇਰਾ ਵਧਾਉਣ ਦਾ ਸਮਰਥਨ ਕਰ ਰਹੇ ਹਨ, ਪਰ ਉਨ੍ਹਾਂ ਨੂੰ ਕਈ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਰੰਧਾਵਾ ਬੋਲੇ, ‘ਕੈਪਟਨ ਨੇ 2016 ‘ਚ ਇੰਟਰਵਿਊ ‘ਚ ਕਿਹਾ ਸੀ ਕਿ ਬੀਐੱਸਐੱਫ ਤੇ ਪਾਕਿ ਰੇਂਜਰਜ਼ ਵਿਚਕਾਰ ਗੰਢਦੁੱਪ ਹੈ ਤੇ ਇਸ ਨੂੰ ਤੋੜਨ ਦੀ ਲੋੜ ਹੈ। ਹੁਣ ਉਨ੍ਹਾਂ ਨੂੰ ਇਸ ਬਾਰੇ ਸਭ ਤੋਂ ਪਹਿਲਾਂ ਜਵਾਬ ਦੇਣਾ ਚਾਹੀਦੈ’