ਮੋਦੀ ਸਰਕਾਰ ਨੇ ਛੋਟਾ ਵਪਾਰ ਤਬਾਹ ਕੀਤਾ – ਅਰਸ਼ੀ
ਮਾਨਸਾ ਵਿਖੇ ਸੀ.ਪੀ.ਆਈ ਵਲੋਂ ਵਿਸ਼ਾਲ ਰੈਲੀ – ਪਾਰਟੀ ਕਾਂਗਰਸ ਲਈ ਇੱਕ ਲੱਖ ਦੀ ਥੈਲੀ ਭੇਂਟ
ਮਾਨਸਾ 30 ਦਸੰਬਰ ਗੁਰਜੰਟ ਸਿੰਘ ਬਾਜੇਵਾਲੀਆਂ ਭਾਰਤ ਕਮਿਊਨਿਸਟ ਪਾਰਟੀ ਵਲੋਂ ਇਸਦੇ ਸ਼ਤਾਬਦੀ ਵਰੇ ਨੂੰ ਸਮਰਪਿਤ ਮਾਨਸਾ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿਖੇ ਸਰਵਸਾਥੀ ਵੇਦ ਪ੍ਰਕਾਸ਼, ਰਤਨ ਕੁਮਾਰ ਭੋਲਾ ਤੇ ਮਨਜੀਤ ਕੌਰ ਗਾਮੀਵਾਲਾ ਦੀ ਪ੍ਰਧਾਨਗੀ ਥੱਲੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਵਿੱਚ ਜੁੱੜੇ ਬਹੁਤ ਹੀ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ ਦੀ ਕੌਮੀ ਸਕੱਤਰ ਕਾਮਰੇਡ ਐਨੀ ਰਾਜਾ ਨੇ ਭਾਜਪਾ ਸਰਕਾਰ ਤੇ ਜ਼ੋਰਦਾਰ ਹਮਲੇ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਸੰਪਰਦਾਇਕ ਤਨਾਅ ਦਾ ਮਾਹੌਲ ਚੱਲ ਰਿਹਾ ਹੈ ਤੇ ਹਾਲ ਦੇ ਸਮੇਂ ਵਿੱਚ ਸੰਪਰਦਾਇਕ ਤਨਾਅ ਅਤੇ ਜਾਤੀਗਤ ਹਿੰਸਾ ਵਿੱਚ ਵਾਧਾ ਹੋਇਆ ਹੈ, ਘੱਟ ਗਿਣਤੀਆਂ ਜਿਵੇਂ ਕਿ ਮੁਸਲਮਾਨ ਅਤੇ ਇਸਾਇਆਂ ਉਪਰ ਹਮਲੇ ਤੇਜ਼ ਹੋਏ ਹਨ। ਫਿਰਕੂ ਕਤਾਰਬੰਦੀ ਨੂੰ ਤੇਜ਼ ਕਰਨ ਲਈ ਆਰ.ਐਸ.ਐਸ ਤੇ ਇਸ ਨਾਲ ਜੁੜੇ ਕੱਟੜਵਾਦੀ ਸੰਗਠਨ ਮਸਜਦਾਂ ਥੱਲਿਓ ਮੰਦਰਾਂ ਨੂੰ ਲਭੱਣ ਦੀ ਖਤਰਨਾਕ ਮੁਹਿੰਮ ਚਲਾ ਰਹੇ ਹਨ, ਜੋ ਦੇਸ਼ ਦੀ ਫਿਰਕੂ ਸਦਭਾਵਨਾ ਲਈ ਬਹੁਤ ਹੀ ਖਤਰਨਾਕ ਹੈ।
ਕਮਿਊਨਿਸਟ ਨੇਤਾ ਨੇ ਅਗੇ ਕਿਹਾ ਕਿ ਮੋਦੀ ਸਰਕਾਰ ਦੀਆਂ ਅਡਾਨੀ-ਅੰਬਾਨੀ ਪੱਖੀ ਨੀਤੀਆਂ ਨੇ ਦੇਸ਼ ਨੂੰ ਆਰਥਿਕ ਤਬਾਹੀ ਵੱਲ ਧੱਕ ਦਿਤਾ ਹੈ। ਮਹਿੰਗਾਈ ਤੇ ਬੇਰੁਜ਼ਗਾਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ ਹਨ। ਇਕ ਦੇਸ਼ ਇਕ ਚੋਣ ਦਾ ਪ੍ਰਸਤਾਵ ਦੇਸ਼ ਦੇ ਫੈਡਰਲ ਢਾਂਚੇ ਲਈ ਬਹੁਤ ਹੀ ਖਤਰਨਾਕ ਹੈ। ਇਸਨੂੰ ਰੱਦ ਕਰਨਾ ਚਾਹੀਦਾ ਹੈ। ਦੇਸ਼ ਦੀ ਨਿਆਂਪਾਲਿਕਾ ਭਾਰੀ ਦਬਾਅ ਥੱਲੇ ਕੰਮ ਕਰ ਰਹੀ ਹੈ। ਸੰਵਿਧਾਨਿਕ ਸੰਸਥਾਵਾਂ ਮੋਦੀ ਸਰਕਾਰ ਦੇ ਪਿੰਜਰੇ ਦਾ ਤੋਤਾ ਬਣ ਗਈਆਂ ਹਨ, ਜਿਹਨਾਂ ਦੀ ਖੁੱਲ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਨਾਗਰਿਕਾਂ ਦੇ ਮੌਲਿਕ ਅਧਿਕਾਰਨਾਂ ਨੂੰ ਕੁਚਲਿਆ ਜਾ ਰਿਹਾ ਹੈ। ਸਰਗਰਮ ਕਾਰਕੂੰਨ, ਬੁੱਧੀਜਿਵੀ ਤੇ ਸਰਕਾਰ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਡਾH ਅੰਬੇਦਕਰ ਵਿਰੁੱਧ ਅਪਮਾਨਜਨਕ ਸ਼ਬਦ ਵਰਤਣ ਵਾਲੇ ਗ੍ਰਹਿ ਮੰਤਰੀ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
ਕਮਿਊਨਿਸਟ ਨੇਤਾ ਨੇ ਅੰਤ ਵਿੱਚ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਤੇ ਦੇਸ਼ ਭਗਤ ਲੋਕਾਂ ਦੀ ਵਿਸ਼ਾਲ ਏਕਤਾ ਤੇ ਲੋਕ ਪੱਖੀ ਸੰਘਰਸ਼ਾਂ ਦੀ ਲੋੜ ਹੈ। ਇਸ ਲਈ ਸੀ.ਪੀ.ਆਈ ਦਾ ਮਜ਼ਬੂਤ ਹੋਣਾ ਵੀ ਜਰੂਰੀ ਹੈ।
ਪੰਜਾਬ ਸੀ.ਪੀ.ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਹਰ ਫਰੰਟ ਤੇ ਬੁਰੀ ਤਰਾਂ ਫੇਲ੍ਹ ਸਾਬਿਤ ਹੋਈ ਹੈ, ਇਸਤੋਂ ਪੰਜਾਬ ਦਾ ਇਕ ਵੀ ਮਸਲਾ ਹੱਲ ਨਹੀਂ ਹੋਇਆ ਹੈ, ਕੇਂਦਰ ਸਰਕਾਰ ਤੋਂ ਜ਼ੋਰਦਾਰ ਤਰੀਨੇ ਨਾਲ ਪੰਜਾਬ ਦੇ ਹੱਕ ਲੈਣ ਦੀ ਬਜਾਏਉਸ ਨਾਲ ਦੋਸਤਾਨਾ ਮੈਚ ਖੇਡ ਰਹੀ ਹੈ। ਪੰਜਾਬ ਦੀ ਵਰਤਮਾਨ ਸਰਕਾਰ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਸਾਬਿਤ ਹੋਈ ਹੈ। ਪੰਜਾਬ ਵਿੱਚ ਨਸ਼ੇ, ਗੈਂਗਵਾਰ ਤੇ ਲੁੱਟਾਂ-ਖੋਹਾਂ ਵਿੱਚ ਢੇਰ ਵਾਧਾ ਹੋਇਆ ਹੈ, ਅਮਨ ਕਾਨੂੰਨ ਦੀ ਸਥਿਤੀ ਤਰਸਯੋਗ ਹੈ, ਕਿਸੇ ਵੀ ਸ਼ਹਿਰੀ ਦੀ ਜਾਨ ਮਾਲ ਸੱਰਖਿਅਤ ਨਹੀਂ ਹੈ।
ਸਾਥੀ ਬਰਾੜ ਨੇ ਅੰਤ ਵਿੱਚ ਕਿਹਾ ਕਿ ਸੀ.ਪੀ.ਆਈ ਦੀ 25ਵੀਂ ਪਾਰਟੀ ਕਾਂਗਰਸ ਜੋ ਸਤੰਬਰ 2025 ਵਿੱਚ ਚੰਡੀਗੜ੍ਹ ਵਿਖੇ ਹੋ ਰਹੀ ਹੈ, ਇੱਕ ਬਹੁਤ ਵੱਡਾ ਕਾਰਜ ਹੈ, ਜਿਸਨੂੰ ਸਫਲ ਕਰਨ ਲਈ ਅੱਜ ਤੋਂ ਹੀ ਤਿਆਰੀਆਂ ਆਰੰਭ ਕਰਨ ਦੀ ਲੋੜ ਹੈ। ਉਹਨਾਂ ਜ਼ਿਲਾ੍ਹ ਮਾਨਸਾ ਦੀ ਪਾਰਟੀ ਨੂੰ ਸਫਲ ਰੈਲੀ ਕਰਨ ਲਈ ਵਧਾਈ ਦਿਤੀ।
ਸੀ.ਪੀ.ਆਈ. ਦੀ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਬੋਲਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਕਾਰਣ ਮਜ਼ਦੂਰਾਂ ਕਿਸਾਨਾਂ ਤੋਂ ਇਲਾਵਾ ਛੋਟਾ ਵਪਾਰ ਵੀ ਦਮ ਤੋੜ ਰਿਹਾ ਹੈ। ਸਿੱਧੀ ਖਰੀਦ ਤੇ ਵੱਡੇ ਮਾਲ ਕਲਚਰ ਨੇ ਪ੍ਰਚੂਨ ਵਪਾਰ ਦਾ ਲੱਕ ਤੋੜ ਦਿਤਾ ਹੈ।ਪਹਿਲਾਂ ਨੋਟ ਬੰਦੀ ਨੇ ਛੋਟੀ ਤੇ ਦਰਮਿਆਨੀ ਸਨਅਤ ਨੂੰ ਬਰਬਾਦ ਕਰਕੇ ਰੱਖ ਦਿਤਾ, ਲੱਖਾਂ ਛੋਟੇ ਉਦਯੋਗ ਬੰਦ ਹੋਏ ਤੇ ਕਰੋੜਾਂ ਲੋਕਾਂ ਦਾ ਰੁਜ਼ਗਾਰ ਖੁਸਿਆ।
ਅਰਸ਼ੀ ਨੇ ਅੰਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਿੱਘਰ ਰਹੀ ਸਿਹਤ ਤੇ ਡੰਘੀ ਚਿੰਤਾਂ ਪ੍ਰਗਟ ਕਰਦੇ ਹੋਏ ਕੇਂਦਰੀ ਸਰਕਾਰ ਵਲੋਂ ਕੋਈ ਨੋਟਿਸ ਨਾ ਲੈਣ ਦੇ ਅੜੀਅਲ ਵਤੀਰੇ ਦੀ ਸਖਤ ਨਿਖੇਧੀ ਕੀਤੀ। ਪੰਜਾਬ ਸਰਕਾਰ ਵੀ ਅਮਲ ਵਿੱਚ ਠੋਸ ਕਦਮ ਪੁੱਟਣ ਦੀ ਬਜਾਏ ਕੇਵਲ ਤਮਾਸ਼ਬੀਨ ਦੀ ਭੂਮਿਕਾ ਹੀ ਨਿਭਾ ਰਹੀ ਹੈ। ਕਮਿਊਨਿਸਟ ਆਗੂ ਨੇ ਡੱਲੇਵਾਲ ਨਾਲ ਇਕਮੁੱਠਤਾ ਕਰਦੇ ਹੋਏ ਮੰਗ ਕੀਤੀ ਕਿ ਸੰਘਰਸ਼ੀਲ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਕਿਸਾਨ ਆਗੂ ਦੀ ਜਾਨ ਬਚਾਈ ਜਾਵੇ। ਨਾਲ ਹੀ ਸਾਥੀ ਅਰਸ਼ੀ ਨੇ ਮੋਦੀ ਸਰਕਾਰ ਦੀ ਨਵੀਂ ਖੇਤੀ ਨੀਤੀ ਤੇ ਖਦਸ਼ਾ ਪ੍ਰਗਟ ਕਰਦਿਆਂ ਉਸਨੂੰ ਰੱਦ ਕਰਨ ਦੀ ਮੰਗ ਕੀਤੀ।
ਜ਼ਿਲਾ ਮਾਨਸਾ ਦੀ ਪਾਰਟੀ ਵਲੋਂ ਪਾਰਟੀ ਕਾਂਗਰਸ ਦੇ ਖਰਚਿਆਂ ਲਈ ਇੱਕ ਲੱਖ ਰੁਪਏ ਦੀ ਥੈਲੀ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੂੰ ਭੇਂਟ ਕੀਤੀ।
ਸਟੇਜ਼ ਸਕੱਤਰ ਦੀ ਜਿੰਮੇਵਾਰੀ ਸੀਨੀਅਰ ਆਗੂ ਕਾਮਰੇਡ ਕੁਲਵਿੰਦਰ ਸਿੰਘ ਉੱਡਤ ਵਲੋਂ ਬਾ-ਖੂਬੀ ਨਿਭਾਈ ਗਈ। ਅੰਤ ਵਿੱਚ ਸੀ.ਪੀ.ਆਈ ਦੇ ਜ਼ਿਲਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਵਲੋਂ ਲੀਡਰਸ਼ਿਪ, ਰੈਲੀ ਵਿੱਚ ਸ਼ਾਮਲ ਹੋਏ ਲੋਕਾਂ ਤੇ ਵਿਸ਼ੇਸ਼ ਕਰਕੇ ਮਾਨਸਾਂ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਰੈਲੀ ਦੀ ਕੀਤੀ ਗਈ ਮਾਲੀ ਮਦਦ ਲਈ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਉਹਨਾਂ ਮਨਰੇਗਾ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਘੱਟੋ ਘੱਟ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਪ੍ਰਤੀ ਦਿਨ ਦੀ ਮੰਗ ਕੀਤੀ।
ਇਸ ਸਮੇਂ ਪ੍ਰਮੁੱਖ ਆਗੂਆਂ ਗੁਰਮੀਤ ਸਿੰਘ ਜੋਗਾ ਪ੍ਰਧਾਨ ਨਗਰ ਪੰਚਾਇਤ ਜੋਗਾ,ਸੀਤਾ ਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ ਭੀਖੀ, ਮਲਕੀਤ ਸਿੰਘ ਮੰਦਰਾਂ, ਨਰੇਸ਼ ਬੁੱਰਜਹਰੀ, ਡਾ: ਰਾਜ ਕੁਮਾਰ, ਬਲਦੇਵ ਸਿੰਘ ਬਾਜੇਵਾਲਾ, ਕੇਵਲ ਸਿੰਘ ਸਮਾਂਓ, ਸੁਖਰਾਜ ਸਿੰਘ ਜੋਗਾ,ਦਲਜੀਤ ਸਿੰਘ ਮਾਨਸ਼ਾਹੀਆ ਤੇ ਦਰਸ਼ਨ ਸਿੰਘ ਮਾਨਸ਼ਾਹੀਆ , ਕਿਰਨਾ ਰਾਣੀ ਸਾਬਕਾ ਐਮ ਸੀ ਆਦਿ ਵੀ ਹਾਜ਼ਰ ਸਨ।