ਦਿਨ ਦਿਹਾੜੇ ਪ੍ਰਚੂਨ ਦੀ ਦੁਕਾਨ’ਤੇ ਦੋ ਨਕਾਬਪੋਸ਼ ਅਨਸਰਾਂ ਨੇ ਪਿਸਤੌਲ ਦੀ ਨੋਕ ‘ਤੇ ਪੈਸੇ ਲੁੱਟਣ ਦੀ ਕੀਤੀ ਕੋਸ਼ਿਸ਼, ਰਹੇ ਨਾਕਾਮ।

ਬੁਢਲਾਡਾ :- ਦਵਿੰਦਰ ਸਿੰਘ ਕੋਹਲੀ  – ਦਿਨ ਦਿਹਾੜੇ ਦੁਪਹਿਰ 1 ਵਜੇ ਦੇ ਕਰੀਬ ਸਥਾਨਕ ਸ਼ਹਿਰ ਬੁਢਲਾਡਾ ਦੇ ਬੋਹਾ ਰੋਡ ਪੂਲ ਦੇ ਥੱਲੇ ਇੱਕ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ, ਜਦੋਂ ਇੱਕ ਪਰਚੂਨ ਦੀ ਦੁਕਾਨ ਤੇ ਦੁਕਾਨਦਾਰ ਨੂੰ ਦੋ ਨਕਾਬਪੋਸ਼ ਅਨਸਰ ਪਿਸਤੌਲ ਦੀ ਨੋਕ’ਤੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਦੀ ਬਹਾਦਰੀ ਨਾਲ ਉਹ ਅਸਫਲ ਹੋ ਗਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਨੇ ਕਿਹਾ ਕਿ ਦੋ ਨਕਾਬਪੋਸ਼ ਉਸਦੀ ਦੁਕਾਨ’ਤੇ 10 ਰੁਪਏ ਦੀ ਸਿਗਰਟ ਲੈਣ ਬਹਾਨੇ ਦਾਖਲ ਹੋਏ ਅਤੇ ਉਨ੍ਹਾਂ ਵੱਲੋਂ ਪਿਸਤੌਲ ਦਿਖਾ ਕੇ ਰੌਲ਼ਾ ਪਾਉਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਗਲ਼ੇ ਵਿੱਚ ਪਏ ਸਾਰੇ ਪੈਸੇ ਦੇਣ ਦੀ ਮੰਗ ਕੀਤੀ। ਉਹਨਾਂ ਨਾਲ ਹੱਥੋਪਾਈ ਵੀ ਕੀਤੀ ਗਈ ਅਤੇ ਦੁਕਾਨਦਾਰ ਵੱਲੋਂ ਸੋਟੀ ਦਿਖਾਉਣ’ਤੇ ਉਹ ਦੋ ਵਿਅਕਤੀ ਡਰ ਕੇ ਭਜ ਗਏ।ਇਸ ਦੌਰਾਨ ਸਥਾਨਕ ਲੋਕਾਂ ਨੇ ਵੀ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰੰਤੂ ਫੜੇ ਨਹੀਂ ਗਏ।ਇਸ ਮੌਕੇ ਪੁਲਿਸ ਨੂੰ ਸੂਚਨਾ ਦੇ ਕੇ ਸੀਸੀਟੀਵੀ ਫੁਟੇਜ ਦੇ ਆਧਾਰ’ਤੇ ਦੋ ਨਕਾਬਪੋਸ਼ ਅਨਸਰਾਂ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ।ਇਸ ਦੌਰਾਨ ਦੁਕਾਨਦਾਰ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਇਨ੍ਹਾਂ ਦੋਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਬਣਦੀ ਕਾਰਵਾਈ ਕੀਤੀ ਜਾਵੇ‌ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਉੱਤੇ ਨਕੇਲ ਕਸੀ ਜਾਵੇ।