ਟੋਰਾਂਟੋ/ਜੀਟੀਏ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਟੋਰਾਂਟੋ  : ਯੌਰਕ ਰੀਜਨਲ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਇੱਕ ਗਿਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1·5 ਮਿਲੀਅਨ ਡਾਲਰ ਦੀ ਕੀਮਤ ਵਾਲੀਆਂ ਦੋ ਦਰਜਨ ਤੋਂ ਵੀ ਵੱਧ ਗੱਡੀਆਂ ਬਰਾਮਦ ਕੀਤੀਆਂ ਹਨ।
ਇੱਕ ਰਲੀਜ਼ ਜਾਰੀ ਕਰਕੇ ਪੁਲਿਸ ਨੇ ਆਖਿਆ ਕਿ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੇ ਡਰਾਈਵ-ਵੇਅਜ਼ ਤੋਂ ਰਾਤ ਸਮੇਂ ਲੈਕਸਸ ਤੇ ਟੌਇਟਾ ਐਸਯੂਵੀਜ਼ ਚੋਰੀ ਹੋਣ ਦਾ ਰੁਝਾਨ ਵਧਿਆ ਸੀ।ਪੁਲਿਸ ਨੇ ਆਖਿਆ ਕਿ ਇਨ੍ਹਾਂ ਗੱਡੀਆਂ ਦੀ ਹੋਰਨਾਂ ਦੇਸ਼ਾਂ ਜਿਵੇਂ ਨੌਰਥ ਅਫਰੀਕਾ ਵਿੱਚ ਮੰਗ ਕਾਫੀ ਜਿ਼ਆਦਾ ਸੀ।
ਛੇ ਵਿਅਕਤੀਆਂ ਨੂੰ ਚਾਰਜਿਜ਼ ਦਾ ਸਾਹਮਣਾ ਕਰਨਾ ਹੋਵੇਗਾ, ਇਨ੍ਹਾਂ ਵਿੱਚੋਂ ਪੰਜ ਟੋਰਾਂਟੋ ਨਾਲ ਸਬੰਧਤ ਹਨ ਤੇ ਇੱਕ ਮਿਸੀਸਾਗਾ ਦਾ ਹੈ। ਪੁਲਿਸ ਨੇ ਦੱਸਿਆ ਕਿ ਕੁੱਲ 28 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕੀਮਤ 1·5 ਮਿਲੀਅਨ ਡਾਲਰ ਤੋਂ ਵੀ ਜਿ਼ਆਦਾ ਹੈ।
ਜਾਂਚਕਾਰਾਂ ਨੇ ਚੋਰਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਪੇਚਕਸ ਨਾਲ ਗੱਡੀ ਦਾ ਦਰਵਾਜ਼ਾ ਖੋਲ੍ਹਣ ਦੀ ਕੋਸਿ਼ਸ਼ ਕਰ ਰਹੇ ਹਨ ਤੇ ਉਨ੍ਹਾਂ ਵੱਲੋਂ ਇਹ ਕੰਮ ਐਨੀ ਸਫਾਈ ਨਾਲ ਕੀਤਾ ਗਿਆ ਕਿ ਗੱਡੀ ਦਾ ਅਲਾਰਮ ਵੀ ਨਹੀਂ ਵੱਜਿਆ।ਫਿਰ ਉਨ੍ਹਾਂ ਵੱਲੋਂ ਕਿਸੇ ਇਲੈਕਟ੍ਰੌਨਿਕ ਡਿਵਾਈਸ ਦੀ ਵਰਤੋਂ ਕਰਕੇ ਗੱਡੀ ਨੂੰ ਵੱਖਰੀ ਚਾਬੀ ਸਵੀਕਾਰਨ ਦੇ ਯੋਗ ਬਣਾ ਲਿਆ ਗਿਆ।ਇਸ ਸਾਰੀ ਪ੍ਰਕਿਰਿਆ ਵਿੱਚ 10 ਤੋਂ 20 ਮਿੰਟ ਦਾ ਸਮਾਂ ਲੱਗਿਆ।