ਆਪ’ ਨੇ ਹਮੇਸ਼ਾ ਗੁਮਰਾਹਕੁਨ ਪ੍ਰਚਾਰ ਕੀਤਾ : ਕਾਲਾ ਢਿੱਲੋਂ

ਪੰਜਾਬ ਅੱਜ ਬਹੁਤ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹੈ

ਬਰਨਾਲਾ, 14 ਨਵੰਬਰ (ਕਰਨਪ੍ਰੀਤ ਕਰਨ) : ਇਕ ਪਾਸੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਵਲੋਂ ਮੰਡੀਆਂ ’ਚ ਲਿਫ਼ਟਿੰਗ ’ਚ ਤੇਜ਼ੀ ਲਿਆਉਣ ਤੇ ਕਿਸਾਨਾਂ ਦੀ ਖੱਜ਼ਲ-ਖੁਆਰੀ ਨਾ ਹੋਣ ਦੇ ਠੋਕ ਵਜ੍ਹਾ ਕੇ ਵਾਅਦੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਹਾਲੇ ਵੀ ਕਿਸਾਨ ਕਈ-ਕਈ ਦਿਨ ਮੰਡੀਆਂ ’ਚ ਆਪਣੀ ਫ਼ਸਲ ਨੂੰ ਲੈ ਕੇ ਪਰੇਸ਼ਾਨ ਵੇਖੇ ਜਾ ਰਹੇ ਹਨ, ਜਿੰਨ੍ਹਾਂ ਦੀਆਂ ਸਮੱਸਿਆਵਾਂ ਦਾ ਠੋਸ ਹੱਲ ਕਰਨ ’ਚ ‘ਆਪ’ ਸਰਕਾਰ ਬੁਰੀ ਤਰ੍ਹਾਂ ਫ਼ੇਲ ਹੋਈ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਕਾਲਾ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਭਾਗ ’ਚ ਜੋ ਲੋਕਾਂ ਅੱਗੇ ਗੰਭੀਰ ਮਸਲੇ ਖੜ੍ਹੇ ਹਨ, ਉਨ੍ਹਾਂ ਮਸਲਿਆਂ ਵੱਲ ਜਨਤਾ ਦਾ ਧਿਆਨ ਹਟਾਉਣ ਲਈ ਇਕ ਗਿਨੀ ਮਿੱਥੀ ਸਾਜਿਸ਼ ਤਹਿਤ ਹਮੇਸ਼ਾ ਗੁਮਰਾਹਕੁਨ ਪ੍ਰਚਾਰ ਕਰਨ ਵਾਲੀ ਆਮ ਆਦਮੀ ਪਾਰਟੀ ਕਦੇ ਵੀ ਲੋਕਾਂ ਦੀ ਬਿਹਤਰੀ ਦੀ ਗੱਲ ਤੇ ਕੰਮ ਕਰਨ ਉਪਰ ਪਹਿਰਾ ਨਹੀਂ ਦਿੰਦੀ। ਪੰਜਾਬ ਅੱਜ ਬਹੁਤ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ। ‘ਆਪ’ ਦੇ ਕਾਰਜ਼ਕਾਲ ਦੌਰਾਨ ਆਰਥਿਕ ਮੰਦਹਾਲੀ ਵਪਾਰ, ਕਾਰੋਬਾਰ ਨੂੰ ਵੱਡੀ ਸੱਟ ਵੱਜ ਰਹੀ ਹੈ। ਢਿੱਲੋਂ ਨੇ ਕਿਹਾ ਕਿ ਪੰਜਾਬ ’ਚ ਵਿਧਾਇਕਾਂ ਦੇ ਵੱਡੇ ਬਹੁਮਤ ਵਾਲੀ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕਮਜ਼ੋਰ ਸਰਕਾਰ ਕਾਰਨ ਸੂਬੇ ’ਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ। ਗੈਂਗਸਟਰਾਂ ਵਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਂ ਫ਼ਿਰੌਤੀਆਂ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ ਤੇ ਨੌਜਵਾਨ ਨਸ਼ੇ ਨਾਲ ਮੌਤ ਦੇ ਮੂੰਹ ’ਚ ਜਾ ਰਹੇ ਹਨ, ਪਰ ‘ਆਪ’ ਸਰਕਾਰ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਲੋਕਾਂ ਵਲੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਖੜ੍ਹਨ ਦਾ ਐਲਾਨ ਵੀ ਕੀਤਾ ਗਿਆ।