ਬਰਨਾਲਾ ਦੇ ਲੋਕਾਂ ਨੂੰ ਹਮੇਸ਼ਾ ਸਮਰਪਿਤ ਹਾਂ ਤੇ ਰਹਾਂਗਾ : ਕੁਲਦੀਪ ਸਿੰਘ ਕਾਲਾ ਢਿੱਲੋਂ

23 ਨਵੰਬਰ ਨੂੰ ਕਾਂਗਰਸ ਇਤਿਹਾਸਿਕ ਜਿੱਤ ਦਰਜ ਕਰੇਗੀ

ਬਰਨਾਲਾ, 13 ਨਵੰਬਰ (ਕਰਨਪ੍ਰੀਤ ਕਰਨ) : ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਬੁੱਧਵਾਰ ਸਵੇਰੇ ਸਥਾਨਕ ਆਸਥਾ ਕਲੋਨੀ ਵਿਖੇ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੂੰ ਕਲੋਨੀ ਨਿਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ, ਉੱਥੇ ਹੀ ਲੋਕਾਂ ਨੇ ਜ਼ਿਮਨੀ ਚੋਣ ’ਚ ਕਾਂਗਰਸ ਦਾ ਵੱਧ-ਚੜ੍ਹ ਕੇ ਸਾਥ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਮੇਰੀ ਹੋਂਦ ਲੋਕਾਂ ਵਲੋਂ ਦਿੱਤੇ ਜਾ ਰਹੇ ਅਥਾਹ ਪਿਆਰ ਕਰਕੇ ਹੀ ਹੈ। ਉਨ੍ਹਾਂ ਕਿਹਾ ਕਿ ਮੈਂ ਜਦ ਤੱਕ ਜਿਉਂਦਾ ਹਾਂ, ਆਪਣੇ ਬਰਨਾਲਾ ਦੇ ਲੋਕਾਂ ਲਈ ਹਮੇਸ਼ਾ ਸਮਰਪਿਤ ਰਹਾਂਗਾ। ਕਾਲਾ ਢਿੱਲੋਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਵੱਡੇ ਮਾਰਜ਼ਨ ਨਾਲ ਜਿਤਾਕੇ ਇਸ ਪਾਰਟੀ ਦੀ ਸਰਕਾਰ ਬਣਾਈ, ਪਰ ਅੱਜ ਪੰਜਾਬ ਦਾ ਹਰੇਕ ਵਰਗ ਨੌਜਵਾਨ, ਕਿਸਾਨ, ਔਰਤਾਂ, ਵਪਾਰੀ, ਮਜ਼ਦੂਰ, ਮੁਲਾਜ਼ਮ ਵਰਗ ਇਸ ਸਰਕਾਰ ਨੂੰ ਵੋਟ ਪਾ ਕੇ ਪਛਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ, ਨੌਜਵਾਨਾਂ ਲਈ ਅਜਿਹੇ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਕਿ ਉਨ੍ਹਾਂ ਨੂੰ ਵਿਦੇਸ਼ਾਂ ’ਚ ਜਾਣ ਦੀ ਲੋੜ ਨਹੀਂ ਪਵੇਗੀ, ਇੱਥੋਂ ਤੱਕ ਕਿ ਭਗਵੰਤ ਮਾਨ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਸੀ ਕਿ ਵਿਦੇਸ਼ਾਂ ਤੋਂ ਅੰਗ੍ਰੇਜ਼ ਪੰਜਾਬ ’ਚ ਨੌਕਰੀ ਕਰਨ ਆਇਆ ਕਰਨਗੇ, ਪਰ ਸਰਕਾਰ ਵਲੋਂ ਇਸ ਸਬੰਧੀ ਕੀਤੇ ਉਪਰਾਲੇ ਕਿਤੇ ਨਜ਼ਰ ਨਹੀਂ ਆ ਰਹੇ। ਪੰਜਾਬ ਦਾ ਨੌਜਵਾਨ ਵਰਗ ਬੇਰੁਜ਼ਗਾਰ ਘੁੰਮ ਰਿਹਾ ਹੈ। ਕਿਸਾਨਾਂ ਨੂੰ ਐੱਮ.ਐੱਸ.ਪੀ ਦੇਣ ਦੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ’ਚ ਕਿਸਾਨ ਮੰਡੀਆਂ ’ਚ ਖੱਜ਼ਲ ਖੁਆਰ ਹੋ ਰਹੇ ਹਨ। ਢਿੱਲੋਂ ਨੇ ਕਿਹਾ ਕਿ ਜੇਕਰ ਕਿਸਾਨ ਖੁਸ਼ਹਾਲ ਹੈ ਤਾਂ ਹੀ ਪੰਜਾਬ ਖੁਸ਼ਹਾਲ ਹੋਵੇਗਾ ਪਰ ਇਸ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕੱਖ ਨਹੀਂ ਕੀਤਾ। ਵਪਾਰੀ ਵਰਗ ਦੀ ਗੱਲ ਕਰਦਿਆਂ ਕਾਲਾ ਢਿੱਲੋਂ ਨੇ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ’ਚ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਵੱਲੋਂ ਹਰ ਰੋਜ਼ ਵਪਾਰੀਆਂ ਤੇ ਕਾਰੋਬਾਰੀਆਂ ਤੋਂ ਲੱਖਾਂ ਰੁਪਏ ਦੀਆਂ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਤੇ ਫ਼ਿਰੌਤੀ ਨਾ ਦੇਣ ’ਤੇ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਕਰ ਕੇ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਕਈ ਵਪਾਰੀ ਤਾਂ ਆਪਣੇ ਕਾਰੋਬਾਰ ਛੱਡ ਕੇ ਹੋਰਨਾਂ ਸੂਬਿਆਂ ਜਾਂ ਵਿਦੇਸ਼ਾਂ ’ਚ ਹਿਜ਼ਰਤ ਕਰਨ ਬਾਰੇ ਮਨ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਹਾਲਾਤਾਂ ਦੀ ਬਿਲਕੁੱਲ ਵੀ ਚਿੰਤਾ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਮਾਨ ਸਿਰਫ਼ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰਨ ਤੇ ਉਨ੍ਹਾਂ ਦੀ ਆਓ ਭਗਤ ਕਰਨ ’ਚ ਹੀ ਲੱਗੇ ਰਹਿੰਦੇ ਹਨਅਖ਼ੀਰ ਕਾਲਾ ਢਿੱਲੋਂ ਨੇ ਕਿਹਾ ਕਿ ਲੋਕਾਂ ਦੇ ਵਿਸ਼ਵਾਸ਼ ਤੇ ਪਰਮਾਤਮਾ ਦੇ ਆਸ਼ੀਰਵਾਦ ਸਦਕਾ ਕਾਂਗਰਸ ਪਾਰਟੀ 23 ਨਵੰਬਰ ਨੂੰ ਇਤਿਹਾਸਿਕ ਜਿੱਤ ਦਰਜ ਕਰੇਗੀ।