ਭਾਰਤ ਦੀ ਆਜ਼ਾਦੀ ਨੂੰ ਭੀਖ ਦੱਸਣ ‘ਤੇ ਕੰਗਨਾ ਰਣੌਤ ‘ਤੇ ਭੜਕੇ ਇਹ ਅਦਾਕਾਰ, ਅਮਿਤ ਸ਼ਾਹ ਤੋਂ ਕੀਤੀ ਅਦਾਕਾਰਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

ਨਵੀਂ ਦਿੱਲੀ : ਕੰਗਨਾ ਰਣੌਤ ਭਾਰਤ ਦੀ ਆਜ਼ਾਦੀ ਦੀ ਭੀਖ ਮੰਗਣ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਨਿਸ਼ਾਨੇ ‘ਤੇ ਹੈ। ਉਨ੍ਹਾਂ ਦੇ ਬਿਆਨ ਦੀ ਹਰ ਕੋਈ ਆਲੋਚਨਾ ਕਰ ਰਿਹਾ ਹੈ। ਦੂਜੇ ਪਾਸੇ ਕੰਗਨਾ ਰਣੌਤ ਇਸ ਬਿਆਨ ‘ਤੇ ਪੂਰੀ ਤਰ੍ਹਾਂ ਨਾਲ ਪੱਕੀ ਨਜ਼ਰ ਆ ਰਹੀ ਹੈ। ਕਈ ਫਿਲਮੀ ਸਿਤਾਰੇ ਤੇ ਰਾਜਨੇਤਾ ਨਾ ਸਿਰਫ਼ ਕੰਗਨਾ ਰਣੌਤ ਦੀ ਆਲੋਚਨਾ ਕਰ ਰਹੇ ਹਨ, ਬਲਕਿ ਅਦਾਕਾਰਾ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।

ਹੁਣ ਬਾਲੀਵੁੱਡ ਅਦਾਕਾਰ ਕੇਆਰਕੇ (ਕਮਾਲ ਆਰ ਖਾਨ) ਨੇ ਵੀ ਕੰਗਨਾ ਰਣੌਤ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੇ ਅਜ਼ਾਦੀ ਦੇ ਬਿਆਨ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਨੂੰ ਅਜੇ ਤਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਕੇਆਰਕੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸਮਾਜਿਕ ਤੇ ਰਾਜਨੀਤਕ ਮੁੱਦਿਆਂ ਤੋਂ ਇਲਾਵਾ ਬਾਲੀਵੁੱਡ ਦੇ ਮੁੱਦਿਆਂ ‘ਤੇ ਵੀ ਆਪਣੀ ਰਾਏ ਰੱਖਦੇ ਹਨ।

ਕੇਆਰਕੇ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਕੰਗਨਾ ਰਣੌਤ ਲਈ ਲਿਖਿਆ, ‘ਜੇ ਕੋਈ ਮੁਸਲਮਾਨ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਦਾ, ਆਜ਼ਾਦੀ ਦੀ ਭੀਖ ਮੰਗਦਾ, ਤਾਂ ਉਸ ਨੂੰ ਦੇਸ਼ਧ੍ਰੋਹੀ ਮੰਨਿਆ ਜਾਂਦਾ ਅਤੇ ਸਾਲਾਂ ਤਕ ਜੇਲ੍ਹ ਵਿਚ ਰਹਿਣਾ ਸੀ। ਫਿਰ ਕੰਗਨਾ ਰਣੌਤ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਇਸ ਟਵੀਟ ਵਿੱਚ ਕੇਆਰਕੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ, ਮੁੰਬਈ, ਹਿਮਾਚਲ ਤੇ ਯੂਪੀ ਪੁਲਿਸ ਨੂੰ ਟੈਗ ਕੀਤਾ ਹੈ।