ਬਰਨਾਲਾ ਦੇ ਕਿਸਾਨਾਂ ਨੂੰ ਡੀਏਪੀ ਦੀ ਨਹੀਂ ਆਉਣ ਦਿੱਤੀ ਜਾਵੇਗੀ ਘਾਟ : ਕੇਵਲ ਸਿੰਘ ਢਿੱਲੋਂ
ਬਰਨਾਲਾ,9,ਨਵੰਬਰ (ਕਰਨਪ੍ਰੀਤ ਕਰਨ ):ਬਰਨਾਲਾ ਵਿਧਾਨ ਸਭਾ ਜਿਮਨੀ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਦੇ ਯਤਨਾਂ ਸਦਕਾ ਬਰਨਾਲਾ ਜਿਲ੍ਹੇ ਲਈ ਡੀਏਪੀ ਖ਼ਾਦ ਦਾ ਇੱਕ ਹੋਰ ਰੇਲਵੇ ਰੈਕ ਪਹੁੰਚਿਆ। ਅੱਜ ਆਪਣੀ ਚੋਣ ਮੁਹਿੰਮ ਵਿਚਕਾਰ ਛੱਡ ਕੇ ਰਾਮਪੁਰਾ ਰੇਲਵੇ ਸਟੇਸ਼ਨ ਉਪਰ ਕੇਵਲ ਸਿੰਘ ਢਿੱਲੋਂ ਨੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਬਰਨਾਲਾ ਲਈ ਡੀਏਪੀ ਖ਼ਾਦ ਦੇ ਭਰੇ ਟਰੱਕ ਰਵਾਨਾ ਕਰਵਾਏ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਕਿਸਾਨ ਭਰਾਵਾਂ ਲਈ ਇਸ ਔਖੀ ਘੜੀ ਵਿੱਚ ਡੱਟ ਕੇ ਨਾਲ ਖੜ੍ਹੇ ਹਨ। ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਬਰਨਾਲਾ ਹਲਕੇ ਦੇ ਕਿਸਾਨਾਂ ਨੂੰ ਲੋੜੀਂਦੀ ਡੀਏਪੀ ਖ਼ਾਦ ਮੁਹੱਈਆ ਕਰਵਾਉਣ ਲਈ ਕੇਂਦਰੀ ਖ਼ਾਦ ਮੰਤਰੀ ਜੇਪੀ ਨੱਢਾ ਜੀ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ। ਜਿਹਨਾਂ ਵਲੋਂ ਬਰਨਾਲਾ ਲਈ ਲਗਾਤਾਰ ਡੀਏਪੀ ਖ਼ਾਦ ਭੇਜਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਹੀ ਅੱਜ ਰਾਮਪੁਰਾ ਸਟੇਸ਼ਨ ਉਪਰ ਬਰਨਾਲਾ ਲਈ ਡੀਏਪੀ ਖ਼ਾਦ ਟਰੱਕਾਂ ਵਿੱਚ ਭਰ ਕੇ ਰਵਾਨਾ ਕੀਤੀਆਂ ਹਨ। ਜੋ ਬਰਨਾਲਾ ਦੇ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਸਾਡੇ ਕਿਸਾਨਾਂ ਨੂੰ ਲੋੜ ਅਨੁਸਾਰ ਡੀਏਪੀ ਮੁਹੱਈਆ ਕਰਵਾਉਣਗੀਆਂ। ਉਹਨਾਂ ਕਿਹਾ ਕਿ ਬਰਨਾਲਾ ਵਿੱਓ ਡੀਏਪੀ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਡੀਏਪੀ ਦੇ ਰੈਕ ਆ ਰਹੇ ਹਨ।
ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੇ ਇਸ ਅਹਿਮ ਗੰਭੀਰ ਮਾਮਲੇ ਤੋਂ ਬਿਲਕੁਲ ਕਿਨਾਰਾ ਕਰ ਲਿਆ ਹੈ। ਕਿਸੇ ਵੀ ਪਾਰਟੀ ਨੇ ਕਿਸਾਨਾਂ ਨੂੰ ਡੀਏਪੀ ਖ਼ਾਦ ਮੁਹੱਈਆ ਕਰਵਾਉਣ ਲਈ ਉਪਰਾਲਾ ਨਹੀਂ ਕੀਤਾ, ਜਦਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਹੀ ਕਿਸਾਨਾਂ ਦੀ ਬਾਂਹ ਫ਼ੜੀ ਹੈ।