ਕਾਲਾ ਢਿੱਲੋਂ ਦੀ ਅਗਵਾਈ ਹੇਠ ਨੌਜਵਾਨ ਆਗੂ ਮੁੜ੍ਹ ਕਾਂਗਰਸ ’ਚ ਸ਼ਾਮਲ

 ਕਾਲਾ ਢਿੱਲੋਂ ਦੀ ਜਿੱਤ ਯਕੀਨੀ ਬਣਾਉਣ ’ਚ ਨਹੀਂ ਛੱਡਾਂਗੇ ਕੋਈ ਕਸਰ : ਆਗੂ

ਬਰਨਾਲਾ,9,ਨਵੰਬਰ (ਕਰਨਪ੍ਰੀਤ ਕਰਨ )ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਦਿਨ-ਬ-ਦਿਨ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਜਿੱਥੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਨੂੰ ਹਲਕੇ ’ਚ ਵੱਡਾ ਹੁਲਾਰਾ ਮਿਲ ਰਿਹਾ ਹੈ, ਉੱਥੇ ਹੀ ਰੋਜ਼ਾਨਾ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਹੋਰਨਾਂ ਪਾਰਟੀਆਂ ਛੱਡ ਲਗਾਤਾਰ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਕਾਂਗਰਸ ਨੂੰ ਹਲਕਾ ਬਰਨਾਲਾ ’ਚ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ਨੌਜਵਾਨ ਆਗੂ ਵਰੁਣ ਕੁਮਾਰ ਸਿੰਗਲਾ ਤੇ ਅਮੀਰ ਖ਼ਾਨ ਮੁੜ੍ਹ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਏ। ਕਾਲਾ ਢਿੱਲੋਂ ਨੇ ਨੌਜਵਾਨ ਸਾਥੀਆਂ ਦਾ ਪਾਰਟੀ ’ਚ ਹਾਰਦਿਕ ਸਵਾਗਤ ਕੀਤਾ। ਇਸ ਮੌਕੇ ਨੌਜਵਾਨ ਆਗੂ ਵਰੁਣ ਕੁਮਾਰ ਸਿੰਗਲਾ ਤੇ ਅਮੀਰ ਖ਼ਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਲੋਕਾਂ ਦੀ ਆਪਣੀ ਪਾਰਟੀ ਹੈ, ਜਿਸ ਨੇ ਪਹਿਲਾਂ ਕੇਂਦਰ ’ਚ ਤੇ ਫ਼ਿਰ ਪੰਜਾਬ ’ਚ ਆਪਣੇ ਕਾਰਜ਼ਕਾਲ ਦੌਰਾਨ ਲੋਕਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਤੇ ਸੂਬੇ ਨੂੰ ਮੁੜ੍ਹ ਵਿਕਾਸ ਦੀਆਂ ਲੀਹਾਂ ’ਤੇ ਤੋਰਿਆ। ਜਦਕਿ ਹੋਰਨਾਂ ਪਾਰਟੀਆਂ ਵਲੋਂ ਵਿਕਾਸ ਕਾਰਜ਼ਾਂ ਦੇ ਨਾਂ ’ਤੇ ਵੋਟਾਂ ਬਟੋਰਣ ਤੋਂ ਬਾਅਦ ਲੋਕਾਂ ਦੀ ਸਾਰ ਤੱਕ ਨਹੀਂ ਲਈ ਜਾਂਦੀ। ਆਗੂਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਾਅਦੇ ਝੂਠ ਦਾ ਪੁਲੰਦਾ ਸਾਬਤ ਹੋਏ ਹਨ। ‘ਆਪ’ ਸਰਕਾਰ ਨੇ ਲੋਕਾਂ ਦਾ ਕੋਈ ਭਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਟਿਕਟ ਦੇ ਕੇ ਆਪਣਾ ਫ਼ਰਜ਼ ਨਿਭਾਅ ਦਿੱਤਾ ਹੈ, ਹੁਣ ਸਾਡੀ ਤੇ ਸਮੂਹ ਲੋਕਾਂ ਦੀ ਵਾਰੀ ਹੈ ਕਿ ਅਸੀਂ ਕਾਲਾ ਢਿੱਲੋਂ ਨੂੰ ਜੇਤੂ ਬਣਾ ਕੇ ਵਿਧਾਨ ਸਭਾ ਭੇਜੀਏ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਹੀ ਬਰਨਾਲਾ ਹਲਕੇ ਦਾ ਵਿਕਾਸ ਕਰਵਾ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੰਨ੍ਹਾਂ ਚੋਣਾਂ ’ਚ ਦਿਲ ਖੋਲ੍ਹ ਕੇ ਕਾਂਗਰਸ ਦਾ ਸਾਥ ਦਿੱਤਾ ਜਾਵੇ।