ਪਿੰਡ ਸੇਖਾ ਵਿਖੇ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁਲਾਰਾ, ਕਈ ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿੱਚ ਹੋਏ ਸ਼ਾਮਲ

ਬਰਨਾਲਾ,5 ਨਵੰਬਰ/ /ਕਰਨਪ੍ਰੀਤ ਕਰਨ

‘ਬਰਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਸ਼ਹਿਰੀ ਖ਼ੇਤਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਪ੍ਰਭਾਵ ਛੱਡ ਰਹੀ ਹੈ। ਭਾਜਪਾ ਉਮੀਦਵਾਰ ਨੂੰ ਸ਼ਹਿਰ ਦੇ ਨਾਲ ਨਾਲ ਪੇਂਡੂ ਖ਼ੇਤਰਾਂ ਵਿੱਚ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿਸ ਨਾਲ ਵਿਰੋਧੀ ਪਾਰਟੀਆਂ ਦੀ ਚਿੰਤਾ ਹੋਰ ਵਧ ਗਈ ਹੈ। ਅੱਜ ਹਲਕੇ ਦੇ ਪਿੰਡ ਸੇਖਾ ਵਿਖੇ ਕੇਵਲ ਸਿੰਘ ਢਿੱਲੋਂ ਵਲੋਂ ਕੀਤੀ ਚੋਣ ਸਭਾ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਅਤੇ ਚੋਣ ਦੌਰਾਨ ਕੇਵਲ ਸਿੰਘ ਢਿੱਲੋਂ ਦਾ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਕਈ ਪਰਿਵਾਰ ਅਤੇ ਨੌਜਵਾਨ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਵੀ ਹੋਏ।

ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਵਿੱਚ ਜਿੰਨਾ ਵੀ ਵਿਕਾਸ ਹੋ ਰਿਹਾ ਹੈ, ਉਹ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਭੇਜੀਆਂ ਗ੍ਰਾਂਟਾਂ ਨਾਲ ਹੀ ਹੋ ਰਿਹਾ ਹੈ। ਪੰਜਾਬ ਦੇ ਪੇਂਡੂ ਖ਼ੇਤਰਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵੀ ਪੈਸਾ ਗ੍ਰਾਂਟ ਦਾ ਨਹੀਂ ਦਿੱਤਾ। ਪਿੰਡਾਂ ਦੇ ਵਿਕਾਸ ਲਈ ਜਿੰਨਾ ਵੀ ਫ਼ੰਡ ਆਇਆ ਹੈ, ਉਹ ਮਨਰੇਗਾ ਸਕੀਮ ਤਹਿਤ ਕੇਂਦਰ ਸਰਕਾਰ ਭੇਜ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਵਲੋਂ ਭੇਜੇ ਪੈਸੇ ਉਪਰ ਆਪਣਾ ਲੋਗੋ ਲਗਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੂਰਖ਼ ਬਣਾ ਰਹੀ ਹੈ। ਪਰ ਬਰਨਾਲਾ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਆਪ ਸਰਕਾਰ ਦੀਆਂ ਇਹਨਾਂ ਚਲਾਕੀਆਂ ਨੂੰ ਭਲੀਭਾਂਤ ਜਾਣਦੇ ਹਨ। ਉਹਨਾਂ ਕਿਹਾ ਕਿ ਪਿੰਡ ਸੇਖਾ ਨਾਲ ਲੰਬੇ ਸਮੇਂ ਦਾ ਰਿਸ਼ਤਾ ਹੈ। ਇੱਥੋਂ ਦੇ ਲੋਕਾਂ ਨੇ ਹਮੇਸ਼ਾ ਉਹਨਾਂ ਦਾ ਡੱਟ ਕੇ ਸਾਥ ਦਿੱਤਾ ਹੈ। ਇਸ ਲਈ ਇਸ ਵਾਰ ਵੀ 20 ਨਵੰਬਰ ਨੂੰ ਪਿੰਡ ਦੇ ਲੋਕ ਮੇਰੇ ਵਲੋਂ ਕਰਵਾਏ ਵਿਕਾਸ ਦੇ ਨਾਮ ਉਪਰ ਵੋਟ ਦੇਣਗੇ।