ਭਾਜਪਾ ਸਰਕਾਰ ਵਪਾਰੀ ਵਰਗ ਨਾਲ ਡੱਟ ਕੇ ਖੜੀ ਹੈ : ਕੇਵਲ ਸਿੰਘ ਢਿੱਲੋਂ

  1. ਬਰਨਾਲਾ,5 ਨਵੰਬਰ/ /ਕਰਨਪ੍ਰੀਤ ਕਰਨ

ਬਰਨਾਲਾ ਜਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਵਲੋਂ ਅੱਜ ਬਰਨਾਲਾ ਸ਼ਹਿਰ ਦੇ ਵਪਾਰੀਆਂ ਅਤੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਸਮੂਹ ਵਪਾਰੀਆਂ ਅਤੇ ਸ਼ੈਲਰ ਮਾਲਕਾਂ ਦੀਆ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਹੱਲ ਕੇਂਦਰ ਸਰਕਾਰ ਤੋਂ ਕਰਵਾਉਣ ਦਾ ਵਾਅਦਾ ਕੀਤਾ।

       ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਵਪਾਰੀ ਵਰਗ ਨਾਲ ਡੱਟ ਕੇ ਖੜੀ ਹੈ। ਵਪਾਰੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਭਾਜਪਾ ਦੀ ਕੇਂਦਰ ਸਰਕਾਰ ਸੁਣਦੀ ਹੈ ਅਤੇ ਉਹਨਾਂ ਦਾ ਹੱਲ ਕਰਦੀ ਹੈ। ਉਹਨਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਝੋਨੇ ਦੇ ਸੀਜ਼ਲ ਦੌਰਾਨ ਸ਼ੈਲਰ ਮਾਲਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਸ਼ੈਲਰ ਮਾਲਕਾਂ ਦੀਆਂ ਮੰਗਾਂ ਵੀ ਕੇਂਦਰ ਸਰਕਾਰ ਕੋਲ ਉਠਾ ਕੇ ਇਹਨਾਂ ਦਾ ਹੱਲ ਕਰਵਾਇਆ ਜਾਵੇਗਾ। ਉਥੇ ਨਾਲ ਹੀ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰਾਂ ਆਮ ਪਬਲਿਕ ਦੀਆਂ ਸਮੱਸਿਆ ਦੇ ਹੱਲ ਲਈ ਹੁੰਦੀਆਂ ਹਨ। ਪਰ ਬੀਤੇ ਕੱਲ੍ਹ ਮੁੱਖ ਮੰਤਰੀ ਲੋਕਾਂ ਦੀਆ ਸਮੱਸਿਆਵਾਂ ਹੱਲ ਕਰਨ ਦੀ ਬਿਜਾਏ ਸਾਰੇ ਸ਼ਹਿਰ ਨੂੰ ਦੁਖ਼ੀ ਕਰ ਗਏ। ਮੁੱਖ ਮੰਤਰੀ ਦੀ ਸ਼ਹਿਰ ਦੇ ਬਾਜ਼ਾਰ ਵਿੱਚ ਕੱਢੀ ਫ਼ੇਰੀ ਨੇ ਸਾਰੇ ਸ਼ਹਿਰ ਦੇ ਵਪਾਰੀਆਂ ਦਾ ਵਪਾਰ ਪ੍ਰਭਾਵਿਤ ਕਰ ਦਿੱਤਾ। ਸਾਰਾ ਦਿਨ ਸਾਡੇ ਵਪਾਰੀ ਤੇ ਦੁਕਾਨਦਾਰ ਭਰਾ ਕਾਰੋਬਾਰ ਲਈ ਪ੍ਰੇਸ਼ਾਨ ਹੁੰਦੇ ਰਹੇ, ਉਥੇ ਆਮ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਅਤੇ ਘਰਾਂ ਤੱਕ ਜਾਣ ਲਈ ਪ੍ਰੇਸ਼ਾਨ ਹੋਣਾ ਪਿਆ। ਉਹਨਾਂ ਕਿਹਾ ਕਿ ਇਸ ਪ੍ਰੇਸ਼ਾਨੀ ਦਾ ਸਬਕ ਬਰਨਾਲਾ ਦੇ ਲੋਕ 20 ਨਵੰਬਰ ਵਾਲੇ ਦਿਨ ਸਰਕਾਰ ਨੂੰ ਹਰਾ ਕੇ ਵੋਟਾਂ ਦੇ ਰੂਪ ਵਿੱਚ ਦੇਣਗੇ।