ਅੱਜ ਪ੍ਰੋਵਿੰਸ ਦੇ ਕਿਊ ਆਰ ਕੋਡ ਤੇ ਵੈਰੀਫਿਕੇਸ਼ਨ ਐਪ ਦਾ ਪਸਾਰ ਕਰ ਸਕਦੇ ਹਨ ਫੋਰਡ

ਓਨਟਾਰੀਓ : ਪ੍ਰੀਮੀਅਰ ਡੱਗ ਫੋਰਡ ਵੱਲੋਂ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਫਰੰਸ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਵਿੱਚ ਉਹ ਪ੍ਰੋਵਿੰਸ ਦੇ ਕਿਊ ਆਰ ਕੋਡ ਤੇ ਵੈਰੀਫਿਕੇਸ਼ਨ ਐਪ ਦਾ ਪਸਾਰ ਕਰ ਸਕਦੇ ਹਨ। ਇਸ ਨਾਲ ਕਾਰੋਬਾਰਾਂ ਨੂੰ ਪਰੂਫ ਆਫ ਵੈਕਸੀਨੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ।
ਇਸ ਦੌਰਾਨ ਫੋਰਡ ਦੇ ਨਾਲ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਤੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ·ਕੀਰਨ ਮੂਰ ਹੋਣਗੇ। ਇਹ ਪ੍ਰੈੱਸ ਕਾਨਫਰੰਸ ਸਵੇਰੇ 11:00 ਵਜੇ ਹੋਣ ਦੀ ਸੰਭਾਵਨਾ ਹੈ। ਡਿਜੀਟਲ ਐਪ 22 ਅਕਤੂਬਰ ਨੂੰ, ਭਾਵ ਇੱਕ ਹਫਤੇ ਤੱਕ ਲਾਂਚ ਕੀਤਾ ਜਾ ਸਕਦਾ ਹੈ। ਪਰ ਗੂਗਲ ਤੇ ਐਪਲ ਐਪ ਸਟੋਰ ਪਲੇਟਫਾਰਮਜ਼ ਤੋਂ ਇਸ ਨੂੰ ਪਹਿਲਾਂ ਹੀ ਰਲੀਜ਼ ਕਰ ਦਿੱਤਾ ਗਿਆ ਲੱਗਦਾ ਹੈ।
22 ਅਕਤੂਬਰ ਤੱਕ ਵੈਕਸੀਨ ਸਰਟੀਫਿਕੇਟ ਦੇ ਪਹਿਲੇ ਵਰਜ਼ਨ ਤੱਕ ਪਹੁੰਚ ਲਈ ਪ੍ਰੋਵਿੰਸ਼ੀਅਲ ਬੁਕਿੰਗ ਪੋਰਟਲ ਰਾਹੀਂ ਪਰਸਨਲ ਕਿਊ ਆਰ ਕੋਡ, ਜਿਸ ਨੂੰ ਵੈਰੀਫਾਇ ਓਨਟਾਰੀਓ ਆਖਿਆ ਜਾਂਦਾ ਹੈ, ਉਪਲਬਧ ਹੋਵੇਗਾ।ਫੋਰਡ ਸਰਕਾਰ ਨੇ ਆਖਿਆ ਸੀ ਕਿ ਉਹ ਅਜਿਹਾ ਆਲ੍ਹਾ ਦਰਜੇ ਦਾ ਵੈਕਸੀਨ ਸਰਟੀਫਿਕੇਟ ਤਿਆਰ ਕਰੇਗੀ ਜਿਸ ਵਿੱਚ ਵਿਲੱਖਣ ਕਿਊ ਆਰ ਕੋਡ ਹੋਵੇਗਾ ਤੇ ਉਸ ਦੇ ਨਾਲ ਹੀ ਵੈਰੀਫਿਕੇਸ਼ਨ ਐਪ ਵੀ ਸ਼ਾਮਲ ਹੋਵੇਗਾ। ਇਸ ਨਾਲ ਯੂਜ਼ਰਜ਼ ਸਕੈਨ ਕੀਤੇ ਜਾਣ ਉੱਤੇ ਸੁਰੱਖਿਅਤ ਢੰਗ ਨਾਲ ਆਪਣੇ ਵੈਕਸੀਨੇਸ਼ਨ ਸਟੇਟਸ ਨੂੰ ਵੈਰੀਫਾਈ ਕਰ ਸਕਣਗੇ। ਇਸ ਕੋਡ ਨੂੰ ਮੋਬਾਈਲ ਡਿਵਾਈਸ ਜਿਵੇਂ ਕਿ ਐਪਲ ਵਾਲੈਟ ਵਿੱਚ ਸਟੋਰ ਕੀਤਾ ਜਾ ਸਕੇਗਾ।
ਇਹ ਸਿਸਟਮ ਬ੍ਰਿਟਿਸ਼ ਕੋਲੰਬੀਆ, ਕਿਊਬਿਕ ਤੇ ਯੂਕੌਨ ਤੋਂ ਕਿਊ ਆਰ ਕੋਡ ਸਵੀਕਾਰ ਕਰੇਗਾ। ਇਸ ਤੋਂ ਭਾਵ ਹੈ ਕਿ ਇਨ੍ਹਾਂ ਪ੍ਰੋਵਿੰਸਾਂ ਦੇ ਟਰੈਵਲਰਜ਼ ਨੂੰ ਓਨਟਾਰੀਓ ਦੇ ਉਨ੍ਹਾਂ ਅਦਾਰਿਆਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ ਜਿੱਥੇ ਵੈਕਸੀਨੇਸ਼ਨ ਸਟੇਟਸ ਵਿਖਾਏ ਜਾਣ ਦੀ ਸ਼ਰਤ ਹੈ। ਫੋਰਡ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਐਪ ਉੱਤੇ ਕਿਸੇ ਤਰ੍ਹਾਂ ਦੀ ਨਿਜੀ ਸਿਹਤ ਸਬੰਧੀ ਜਾਂ ਕੋਈ ਹੋਰ ਨਿਜੀ ਜਾਣਕਾਰੀ ਦਰਜ ਨਹੀਂ ਕੀਤੀ ਜਾਵੇਗੀ।