ਕਿਸਾਨਾਂ ਨੁੰ ਡੀ.ਏ.ਪੀ ਖਾਦ ਦੇ ਬਦਲੇ ਹੋਰ ਖਾਦਾਂ ਦੀ ਸਿਫਾਰਿਸ਼ ਡਾ. ਜਗਦੀਸ ਸਿੰਘ 

ਬਰਨਾਲਾ, 30 ਅਕਤੂਬਰ ਕਰਨਪ੍ਰੀਤ ਕਰਨ

ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਆਉਂਦੀ ਕਣਕ ਦੀ ਫਸਲ ਲਈ ਡੀ.ਏ.ਪੀ. ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਵਰਤਣ ਦਾ ਸੁਝਾਅ ਦਿੱਤਾ ਹੈ। ਡਾ. ਜਗਦੀਸ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਕਿਹਾ ਕਿ ਡੀ.ਏ.ਪੀ ਸਭ ਤੋਂ ਵੱਧ ਫਾਸਫੋਰਸ ਤੱਤ ਵਾਲੀ ਖਾਦ ਹੈ, ਜੋ ਝੋਨੇ ਕਣਕ ਫਸਲੀ ਚੱਕਰ ਵਿੱਚ ਵਰਤੀ ਜਾਂਦੀ ਹੈ। ਮੋਜੂਦਾ ਸਮੇਂ ਡੀ.ਏ.ਪੀ. ਖਾਦ ਦੇ ਕਈ ਬਦਲ ਹਨ, ਜਿਨ੍ਹਾਂ ਨੂੰ ਫਾਸਫੋਰਸ ਤੱਤ ਦੇ ਬਦਲਵੇਂ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ। ਮਾਹਿਰਾਂ ਨੇ ਕਿਹਾ ਕਿ ਡੀ.ਏ.ਪੀ. ਵਿੱਚ 46 % ਫਾਸਫੋਰਸ ਅਤੇ 18% ਨਾਈਟ੍ਰੋਜਨ ਤੋਂ ਬਿਨ੍ਹਾਂ 16% ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ।

ਇੱਕ ਬੋਰਾ ਡੀ.ਏ.ਪੀ ਪਿੱਛੇ ਡੇਢ ਬੋਰਾ ਐਨ.ਪੀ.ਕੇ.(12:32:16) ਦੀ ਵਰਤੋਂ ਕੀਤੀ ਜਾ ਸਕਦੀ ਹੈ। ਡੀ.ਏ.ਪੀ. ਦੇ ਤੀਸਰੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿੰਗਲ ਸੁਪਰਫਾਸਫੇਟ ਵਿੱਚ 16% ਫਾਸਫੋਰਸ ਤੱਤ ਮਿਲਦਾ ਹੈ ਅਤੇ ਇਸ ਦੇ ਤਿੰਨ ਬੋਰਿਆਂ ਨਾਲ ਫਾਸਫੋਰਸ ਤੱਤ ਦੀ ਪੂਰਤੀ ਤੋਂ ਬਿਨਾਂ 18 ਕਿਲੋ ਗੰਧਕ ਵੀ ਕਣਕ ਦੀ ਫਸਲ ਨੂੰ ਮਿਲ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਟ੍ਰਿਪਲ ਸੁਪਰ ਫਾਸਫੇਟ ਨੂੰ ਬਜ਼ਰ ਵਿੱਚ ਨਵੀਂ ਖਾਦ ਵਜੋਂ ਵਰਤਿਆ ਜਾ ਸਕਦਾ ਹੈ। ਇਸ ਵਿੱਚ ਡੀ.ਏ.ਪੀ ਦੇ ਬਰਾਬਰ 46% ਫਾਸਫੋਰਸ ਤੱਤ ਦੀ ਮਾਤਰਾ ਮਿਲਦੀ ਹੈ। ਇਹ ਨਵੀਂ ਉਚ ਫਾਸਫੋਰਸ ਖਾਦ ਹੈ ਅਤੇ ਕਿਸਾਨ ਪਹਿਲੀ ਵਾਰ ਇਸ ਦੀ ਵਰਤੋਂ ਕਰ ਰਹੇ ਹਨ। ਮਾਹਿਰਾਂ ਨੇ ਕਿਹਾ ਕਿ ਐਨ.ਪੀ.ਕੇ. (12:32:16) ਡੀ.ਏ.ਪੀ ਦਾ ਸਭ ਤੋਂ ਵਧੀਆ ਬਦਲ ਹੋ ਸਕਦਾ ਹੈ, ਕਿਉਂਕਿ ਇਸ ਦਾ ਡੇਢ ਬੋਰਾ ਲਗਭਗ ਉਹੀ ਫਾਸਫੋਰਸ ਅਤੇ ਨਾਈਟ੍ਰੋਜਨ ਸਮੱਗਰੀ ਦੀ ਸਪਲਾਈ ਕਰਦਾ ਹੈ,ਜੋ ਡੀ.ਏ.ਪੀ.ਦੇ ਬਰਾਬਰ ਹੈ ਇਸ ਤੋਂ ਇਲਾਵਾ ਇਹ 23 ਕਿਲੋਗ੍ਰਾਮ ਪੋਟੱਸ਼ ਵੀ ਦਿੰਦਾ ਹੈ।

ਹੋਰ ਬਦਲਾਂ ਵਿੱਚ ਐਨ.ਪੀ.ਕੇ.(10:26:26) ਜਾਂ ਹੋਰ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਫਾਸਫੋਰਸ ਤੱਤ; ਲਈ ਸਿੰਗਲ ਸੁਪਰ ਫਾਸਫੇਟ ਜਾਂ ਟ੍ਰਿਪਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਾਈ ਵੇਲੇ 20 ਕਿਲੋ ਯੂਰੀਆਂ ਪ੍ਰਤੀ ਏਕੜ ਪਾਓ। ਉਹਨਾਂ ਕਿਹਾ ਕਿ ਘੱਟ ਜੈਵਿਕ ਕਾਰਬਨ ਵਾਲੀ ਮਿੱਟੀ ਵਿੱਚ ਉੱਚ ਫਾਸਫੋਰਸ ਪੱਧਰ (9-20 ਕਿਲੋਗ੍ਰਾਮ/ਏਕੜ) ਵਾਲੀ ਜਮੀਨ ਲਈ ਫਾਸਫੋਰਸ ਤੱਤ ਦੀ ਵਰਤੋਂ 25% ਤੱਕ ਘਟਾਈ ਜਾ ਸਕਦੀ ਹੈ। ਦਰਮਿਆਨੀ ਜੈਵਿਕ ਕਾਰਬਨ ਮਾਤਰਾ (0.4 ਤੋਂ 075%) ਵਾਲੀ ਜਮੀਨ ਵਿੱਚ ਦਰਮਿਅਨੀ ਫਾਸਫੋਰਸ (5-9 ਕਿਲੋਗਾਂਮ/ਏਕੜ) ਅਤੇ ਉੱਚ ਫਾਸਫੋਰਸ (9-20 ਕਿਲੋਗ੍ਰਾਮ/ਏਕੜ) ਵਾਲੀ ਜਮੀਨ ਲਈ ਫਾਸਫੋਰਸ ਤੱਤ ਦੀ ਵਰਤੋਂ ਵਿੱਚ 50% ਕਟੋਤੀ ਕੀਤੀ ਜਾ ਸਕਦੀ ਹੈ।ਜੇਕਰ ਝੋਨਾ-ਕਣਕ ਫਸਲੀ ਚੱਕਰ ਵਿੱਚ ਝੋਨੇ ਦੀ ਫਸਲ ਵਿੱਚ ਪੋਲਟਰੀ ਖਾਦ (2.5 ਟਨ ਪ੍ਰਤੀ ਏਕੜ) ਜਾਂ ਸੁੱਕੀ ਹੋਈ ਗੋਬਰ ਗੈਸ ਪਲਾਟ ਦੀ ਸਲਰੀ (2.5 ਟਨ ਪ੍ਰਤੀ ਏਕੜ) ਨੂੰ ਆਖਰੀ ਵਾਹੀ ਤੋਂ ਪਹਿਲਾਂ ਪਾਇਆ ਜਾਂਦਾ ਹੈ ਤਾਂ ਫਾਸਫੋਰਸ ਦੀ ਵਰਤੋਂ ਨੂੰ ਅੱਧਾ ਕੀਤਾ ਜਾ ਸਕਦਾ ਹੈ।ਇਸੇ ਤਰਾ ਖਾਦ ਦੀ ਮਾਤਰਾ 1 ਕਿਲੋ ਫਾਸਫੋਰਸ ਪ੍ਰਤੀ ਟਨ ਚੰਗੀ ਤਰ੍ਹਾਂ ਸੜੀ ਹੋਈ ਖਾਦ ਨਾਲ ਘਟਾਈ ਜਾ ਸਕਦੀ ਹੈ।