ਝੋਨੇ ਦੀ ਖ਼ਰੀਦ ਨਾ ਹੋਣ ਲਈ ਪੰਜਾਬ ਸਰਕਾਰ ਜਿੰਮੇਵਾਰ
ਬਰਨਾਲਾ, 30 ਅਕਤੂਬਰ ਕਰਨਪ੍ਰੀਤ ਕਰਨ
ਪੰਜਾਬ ਵਿੱਚ ਝੋਨੇ ਦੀ ਖ਼ਰੀਦ ਲਈ ਬਣੇ ਮਾੜੇ ਹਾਲਾਤਾਂ ਲਈ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਜਿੰਮੇਵਾਰ ਹੈ। ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਅਤੇ ਨਾਲਾਇਕੀ ਕਾਰਨ ਹੀ ਸੂਬੇ ਦਾ ਅੰਨਾਦਾਤਾ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੋਇਆ ਹੈ। ਇਹ ਪ੍ਰਗਟਾਵਾ ਬਰਨਾਲਾ ਵਿਧਾਨ ਸਭਾ ਜਿਮਨੀ ਚੋਣ ਦੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਵੱਖ ਵੱਖ ਥਾਵਾਂ ਉਪਰ ਚੋਣ ਪ੍ਰਚਾਰ ਉਪਰੰਤ ਗੱਲਬਾਤ ਦੌਰਾਨ ਕੀਤਾ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ 44 ਹਜ਼ਾਰ ਕਰੋੜ ਰੁਪਏ ਦੋ ਮਹੀਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਭੇਜ ਦਿੱਤੇ ਸਨ। ਇਸ ਪੈਸੇ ਨਾਲ ਪੰਜਾਬ ਸਰਕਾਰ ਨੇ ਫ਼ਸਲ ਦੀ ਖ਼ਰੀਦ, ਲਿਫ਼ਟਿੰਗ, ਬਾਰਦਾਨਾ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਕਰਨੇ ਹੁੰਦੇ ਹਨ। ਪਰ ਸਰਕਾਰ ਵਲੋਂ ਝੋਨੇ ਦੀ ਫ਼ਸਲ ਨੂੰ ਲੈ ਕੇ ਸਮਾਂ ਰਹਿੰਦੇ ਸੰਜੀਦਗੀ ਨਹੀਂ ਦਿਖਾਈ ਗਈ। ਜਿਸ ਕਾਰਨ ਅੱਜ ਕਿਸਾਨਾਂ ਮੰਡੀਆਂ ਵਿੱਚ ਰੁਲ ਰਹੇ ਹਨ। ਉਹਨਾਂ ਕਿਹਾ ਕਿ ਅੱਜ ਚੰਡੀਗੜ੍ਹ ਵਿਖੇ ਵੀ ਆਮ ਆਦਮੀ ਪਾਰਟੀ ਨੇ ਡਰਾਮੇਬਾਜ਼ੀ ਹੀ ਕੀਤੀ ਹੈ। ਸਰਕਾਰ ਇਹ ਡਰਾਮੇਬਾਜ਼ੀ ਕਰਨ ਦੀ ਬਿਜਾਏ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਖ਼ਰੀਦੇ ਅਤੇ ਕਿਸਾਨਾਂ ਨੂੰ ਰੁਲਣ ਤੋਂ ਬਚਾਵੇ। ਉਹਨਾਂ ਕਿਹਾ ਕਿ ਭਾਜਪਾ ਕਿਸਾਨਾਂ ਨਾਲ ਡੱਟ ਕੇ ਖੜੀ ਹੈ ਅਤੇ ਕੇਂਦਰ ਸਰਕਾਰ ਕਿਸਾਨਾ ਦਾ ਦਾਣਾ ਦਾਣਾ ਖ਼ਰੀਦਣ ਲਈ ਵਚਣਬੱਧ ਹੈ।