ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੰਡਿਆਇਆ ਬਾਜ਼ਾਰ ਵਿੱਚ ਚੋਣ ਦਫ਼ਤਰ ਦਾ ਹੋਇਆ ਉਦਘਾਟਨ

ਬਰਨਾਲਾ ਵਾਸੀਆਂ ਲਈ ਖੇਤਰੀ ਪਾਸਪੋਰਟ ਦਫ਼ਤਰ ਅਤੇ ਐਸਸੀ ਭਾਈਚਾਰੇ ਲਈ ਬਣਾਇਆ ਜਾਵੇਗਾ ਅੰਬੇਡਕਰ ਭਵਨ : ਕੇਵਲ ਸਿੰਘ ਢਿੱਲੋਂ

ਬਰਨਾਲਾ, 29 ਅਕਤੂਬਰ/ਕਰਨਪ੍ਰੀਤ ਕਰਨ

ਬਰਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਜਾਰੀ ਹੈ ਅਤੇ ਇਸਨੂੰ ਹੋਰ ਤੇਜ਼ ਕਰਦਿਆਂ ਅੱਜ ਬਰਨਾਲਾ ਦੇ ਹੰਡਿਆਇਆ ਬਾਜ਼ਾਰ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂਆਂ, ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਹੋਏ। ਇਸ ਮੌਕੇ ਪੂਜਾ ਅਰਚਨਾ ਅਤੇ ਅਰਦਾਸ ਕਰਨ ਉਪਰੰਤ ਦਫ਼ਤਰ ਦਾ ਉਦਘਾਟਨ ਕੀਤਾ ਗਿਆ।

        ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਬਰਨਾਲਾ ਹਲਕੇ ਦੇ ਲੋਕਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸੇ ਮੰਤਵ ਨਾਲ ਹੀ ਉਹ ਰਾਜਨੀਤੀ ਵਿੱਚ ਆਏ। ਜਿਲ੍ਹਾ ਬਨਾਉਣ ਤੋਂ ਲੈ ਕੇ ਬਰਨਾਲਾ ਵਾਸੀਆਂ ਲਈ ਹਰ ਸੁੱਖ ਸੁਵਿਧਾ ਲਿਆਉਣਾ ਮੇਰਾ ਮਕਸਦ ਰਿਹਾ ਹੈ। ਇਸੇ ਕਰਕੇ ਹੀ ਮੈਂ ਬਰਨਾਲਾ ਵਾਸੀਆਂ ਲਈ ਮਲਟੀਸ਼ਪੈਸਲਿਟੀ ਹਸਪਤਾਲ ਲਿਆਂਦਾ ਸੀ, ਜੋ ਆਪ ਸਰਕਾਰ ਦੀ ਮਾੜੀ ਰਾਜਨੀਤੀ ਦੀ ਭੇਂਟ ਚੜ੍ਹ ਗਿਆ, ਪਰ ਫਿਰ ਵੀ ਮੈਂ ਇਸ ਹਸਪਤਾਲ ਨੂੰ ਬਨਾਉਣ ਲਈ ਆਪਣਾ ਯਤਨ ਜਾਰੀ ਰੱਖਾਂਗਾ।

ਉਹਨਾਂ ਕਿਹਾ ਕਿ ਬਰਨਾਲਾ ਵਾਸੀਆਂ ਦੀ ਸੁਵਿਧਾ ਲਈ ਇੱਕ ਖ਼ੇਤਰੀ (ਰੀਜਨਲ) ਪਾਸਪੋਰਟ ਦਫ਼ਤਰ ਲਿਆਂਦਾ ਜਾਵੇਗਾ। ਕਿਉਂਕਿ ਸਾਡੇ ਬਰਨਾਲਾ ਦੇ ਲੋਕਾਂ ਨੂੰ ਪਾਸਪੋਰਟ ਬਨਾਉਣ ਲਈ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ, ਜਿਸ ਨਾਲ ਜਿੱਥੇ ਪ੍ਰੇਸ਼ਾਨੀ ਹੁੰਦੀ ਹੈ, ਉਥੇ ਸਮਾਂ ਬਹੁਤ ਖ਼ਰਾਬ ਹੁੰਦਾ ਹੈ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਨਾਲਾ ਵਿੱਚ ਖ਼ੇਤਰੀ ਪਾਸਪੋਰਟ ਦਫ਼ਤਰ ਲਿਆਉਣ ਦਾ ਯਤਨ ਕੀਤਾ ਜਾਵੇਗਾ। ਇਸਤੋਂ ਇਲਾਵਾ ਉਹਨਾਂ ਕਿਹਾ ਕਿ ਐਸਸੀ ਭਾਈਚਾਰੇ ਲਈ ਇੱਕ ਅੰਡਬੇਡਕਰ ਭਵਨ ਕੇਂਦਰ ਸਰਕਾਰ ਤੋਂ ਪਾਸ ਕਰਵਾਇਆ ਜਾਵੇਗਾ। ਕਿਉਂਕਿ ਸਾਡੇ ਐਸਸੀ ਭਾਈਚਾਰੇ ਦੇ ਲੋਕ ਆਪਣੇ ਕੰਮਾਂ ਕਾਰਾਂ, ਸਰਟੀਫਿਕੇਟ ਅਤੇ ਹੋਰ ਕਾਗਜ਼ੀ ਕੰਮ ਕਰਵਾਉਣੇ ਹੁੰਦੇ ਹਨ, ਜਿਸ ਲਈ ਉਹਨਾਂ ਨੂੰ ਅਲੱਗ ਅਲੱਗ ਦਫ਼ਤਰਾਂ ਦੇ ਚੱਕਰ ਕੱਢਣੇ ਪੈਂਦੇ ਹਨ। ਜੇਕਰ ਬਰਨਾਲਾ ਵਿੱਚ ਅੰਬੇਡਕਰ ਭਵਨ ਬਣਦਾ ਹੈ ਤਾਂ ਐਸਸੀ ਭਾਈਚਾਰੇ ਨੂੰ ਇੱਕੋ ਛੱਤ ਥੱਲੇ ਬਿਨ੍ਹਾ ਖੱਜਲ ਖੁਆਰੀ ਤੋਂ ਇਹ ਸਾਰੀਆਂ ਸੁਵਿਧਾਵਾਂ ਮਿਲ ਜਾਣਗੀਆਂ।

    ਕੇਵਲ ਢਿੱਲੋਂ ਨੇ ਕਿਹਾ ਕਿ ਬਰਨਾਲਾ ਦੀ ਤਰੱਕੀ ਲਈ ਭਾਜਪਾ ਦੇ ਕਮਲ ਦਾ ਫ਼ੁੱਲ ਖਿਡਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਿਹਨਾਂ ਸੂਬਿਆਂ ਵਿੱਚ ਭਾਜਪਾ ਸਰਕਾਰ ਹੈ, ਉਥੋਂ ਦੇ ਲੋਕਾਂ ਦੀ ਜੀਵਨ ਪੱਧਰ ਉਚਾ ਹੋ ਰਿਹਾ ਹੈ। ਸੂਬੇ ਵਿਕਾਸ ਦੇ ਰਾਹ ਤੇ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਸਹੀ ਹੈ। ਪਰ ਪੰਜਾਬ ਵਿੱਚ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫ਼ੇਲ੍ਹ ਹੈ ਅਤੇ ਆਰਥਿਕ ਪੱਖ ਤੋਂ ਬਹੁਤ ਮਾੜੇ ਹਾਲਾਤ ਹਨ। ਉਹਨਾਂ ਸਮੂਹ ਹਲਕੇ ਦੇ ਲੋਕਾਂ ਨੂੰ 13 ਨਵੰਬਰ ਨੂੰ ਕਮਲ ਦੇ ਫ਼ੁੱਲ ਤੇ ਮੋਹਰ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਰਨਾਲਾ ਦੀ ਜਿੱਤ ਨਾਲ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਨਣ ਦਾ ਮੁੱਢ ਬੱਝੇਗਾ। ਇਸ ਲਈ ਸਾਰੇ ਲੋਕ ਵਿਕਾਸ ਦੇ ਮੁੱਦੇ ਤੇ ਵੋਟ ਜ਼ਰੂਰ ਪਾਉਣ।