ਜਿਮਨੀ ਚੋਣ ਟਿਕਟ ਮਿਲਣ ਤੇ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਹਾਈਕਮਾਂਡ ਦਾ ਕੀਤਾ ਧੰਨਵਾਦ ਬਰਨਾਲਾ ਤੋਂ ਭਾਜਪਾ ਦੀ ਜਿੱਤ 2027 ਵਿੱਚ ਬੀਜੇਪੀ ਦੀ ਸਰਕਾਰ ਬਨਾਉਣ ਦਾ ਮੁੱਢ ਬੰਨ੍ਹੇਗੀ : ਕੇਵਲ ਸਿੰਘ ਢਿੱਲੋਂ

ਬਰਨਾਲਾ,23,ਅਕਤੂਬਰ /ਕਰਨਪ੍ਰੀਤ ਕਰਨ

ਬਰਨਾਲਾ ਵਿਧਾਨ ਸਭਾ ਜਿਮਨੀ ਚੋਣ ਲਈ ਭਾਜਪਾ ਵਲੋਂ ਸਾਬਕਾ ਵਿਧਾਇਕ ਅਤੇ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕੇਵਲ ਸਿੰਘ ਢਿੱਲੋਂ ਦੀ ਟਿਕਟ ਮਿਲਣ ਸਾਰ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਖੁਸ਼ੀ ਦੇਖਣ ਨੂੰ ਮਿਲੀ। ਸ਼ਹਿਰ ਦੇ ਰੇਲਵੇ ਸਟੇਸ਼ਨ ਉਪਰੰਤ ਪਾਰਟੀ ਵਰਕਰਾਂ ਨੇ ਕੇਵਲ ਸਿੰਘ ਢਿੱਲੋਂ ਦਾ ਢੋਲ ਵਜਾ ਕੇ ਲੱਡੂ ਵੰਡ ਕੇ ਸਵਾਗਤ ਕੀਤਾ। ਕੇਵਲ ਸਿੰਘ ਢਿੱਲੋਂ ਨੇ ਟਿਕਟ ਮਿਲਣ ਉਪਰੰਤ ਬਰਨਾਲਾ ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਰ ਅਤੇ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਵਿਖੇ ਮੱਥਾ ਟੇਕ ਕੇ ਭਗਵਾਨ ਦਾ ਆਸ਼ੀਰਵਾਦ ਲਿਆ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਬੀਜੇਪੀ ਹਾਈਕਮਾਂਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਜੇਪੀ ਨੱਢਾ, ਪੰਜਾਬ ਪ੍ਰਧਾਨ ਸੁਨੀਲ ਜਾਖ਼ੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਜਤਾਏ ਭਰੋਸੇ ਤੇ ਖ਼ਰੇ ਉਤਰਨਗੇ ਅਤੇ ਬਰਨਾਲਾ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਉਹਨਾਂ ਕਿਹਾ ਕਿ ਮੇਰਾ ਏਜੰਡਾ ਹਮੇਸ਼ਾ ਵਿਕਾਸ ਦਾ ਹੀ ਰਿਹਾ ਹੈ। ਜਿਲ੍ਹਾ ਬਨਾਉਣ ਤੋਂ ਲੈ ਕੇ ਹਰ ਸਹੂਲਤ ਬਰਨਾਲਾ ਵਿੱਚ ਲਿਆਉਣ ਲਈ ਮੈਂ ਯਤਨਸ਼ੀਲ ਰਿਹਾ ਹਾਂ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਵਿੱਤੀ ਸੰਕਟ ਖੜਾ ਕਰ ਦਿੱਤਾ ਹੈ। ਕੋਈ ਵਿਕਾਸ ਕਾਰਜ ਨਹੀਂ ਹੋ ਰਹੇ ਵਿਕਾਸ ਦੇ ਸਾਰੇ ਕੰਮ ਕੇਂਦਰ ਸਰਕਾਰ ਦੇ ਫ਼ੰਡ ਨਾਲ ਹੋ ਰਹੇ ਹਨ। ਸਰਕਾਰ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਵਿੱਚ ਫੇਲ੍ਹ ਸਾਬਤ ਹੋਈ ਹੈ। ਅੱਜ ਸੂਬੇ ਭਰ ਦਾ ਕਿਸਾਨ ਝੋਨੇ ਦੀ ਫ਼ਸਲ ਲੈ ਕੇ ਮੰਡੀਆਂ ਵਿੱਚ ਰੁਲ ਰਿਹਾ ਹੈ। ਆੜਤੀਏ ਅਤੇ ਸ਼ੈਲਰ ਮਾਲਕ ਦੁਖੀ ਹਨ। ਉਹਨਾਂ ਕਿਹਾ ਕਿ ਇਸ ਚੋਣ ਵਿੱਚ ਭਾਜਪਾ ਦੀ ਜਿੱਤ ਨਾਲ 2027 ਦੀ ਵਿਧਾਨ ਸਭਾ ਚੋਣ ਵਿੱਚ ਭਾਜਪਾ ਦੀ ਸਰਕਾਰ ਦਾ ਮੁੱਢ ਬੰਨ੍ਹਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਨਰਿੰਦਰ ਗਰਗ ਨੀਟਾ,ਕੰਵਰ ਸਿੰਘ ਢਿੱਲੋਂ, ਕਰਨ ਸਿੰਘ ਢਿੱਲੋਂ,ਭਾਜਪਾ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ, ਪ੍ਰੇਮ ਪ੍ਰੀਤਮ ਜਿੰਦਲ, ਕੁਲਦੀਪ ਧਾਲੀਵਾਲ, ਧਰਮ ਸਿੰਘ ਫ਼ੌਜੀ, ਜੱਗਾ ਸਿੰਘ ਮਾਨ, ਐਮਸੀ ਹਰਬਖਸੀਸ ਸਿੰਘ ਗੋਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।