ਪੁਲਿਸ ਕਰਮਚਾਰੀ ਤੇ ਚਾਲਕ ਨੂੰ ਐਬੂਲੈਂਸ ’ਚ ਬੰਦ ਕਰਕੇ ਨਸ਼ਾ ਤਸਕਰ ਫਰਾਰ

ਸ੍ਰੀ ਮੁਕਤਸਰ ਸਾਹਿਬ : ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਮੁਲਜ਼ਮ ਬੀਤੇ ਦਿਨੀਂ ਸਬ ਜੇਲ੍ਹ ਦੇ ਗੇਟ ਕੋਲੋਂ ਪੁਲਿਸ ਕਰਮਚਾਰੀ ਅਤੇ ਚਾਲਕ ਨੂੰ ਐਬੂਲੈਂਸ ’ਚ ਬੰਦ ਕਰਕੇ ਫਰਾਰ ਹੋ ਗਿਆ। ਮੁੁਲਜ਼ਮ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਾਤਲ ਤੋਂ ਸਬ ਜੇਲ੍ਹ ’ਚ 14 ਦਿਨਾਂ ਵਾਸਤੇ ਇਕਾਂਤਵਾਸ ਲਈ ਲਿਜਾਇਆ ਜਾ ਰਿਹਾ ਸੀ। ਪੁਲਿਸ ਵੱਲੋਂ ਅਰੋਪੀ ਹਵਾਲਾਤੀ ਸਮੇਤ ਤਿੰਨ ਪੁਲਿਸ ਕਰਮਚਾਰੀਆਂ ਦੇ ਖਿਲਾਫ ਥਾਣਾ ਸਦਰ ਮੁਕਤਸਰ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਓਧਰ ਪੁਲਿਸ ਫਰਾਰ ਹੋਏ ਬੰਦੀ ਦੀ ਭਾਲ ’ਚ ਲੱਗੀ ਹੋਈ ਹੈ।

ਜਾਣਕਾਰੀ ਅਨੁਸਾਰ ਵੱਡੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਸਮੇਤ ਫੜਿਆ ਗਿਆ ਮੁਲਜ਼ਮ ਅਮ੍ਰਿੰਤਪਾਲ ਸਿੰਘ ਨਿਵਾਸੀ ਪਿੰਡ ਝੋਕ ਹਰੀਹਰ ਫਿਰੋਜ਼ਪੁਰ ਜੇਲ੍ਹ ’ਚ ਬੰਦ ਸੀ। ਬੀਤੀ 6 ਨਵੰਬਰ ਨੂੰ ਉਸ ਨੂੰ ਦਿਲ ਦੀ ਬਿਮਾਰੀ ਦੀ ਤਕਲੀਫ ਹੋਈ ਤਾਂ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ। ਬੀਤੀ 9 ਨਵੰਬਰ ਨੂੰ ਉਸਨੂੰ ਮੈਡੀਕਲ ਕਾਲਜ ਤੋਂ ਡਿਸਚਾਰਜ ਕਰ ਦਿੱਤਾ ਗਿਆ। ਉਸ ਉਪਰੰਤ 14 ਦਿਨਾਂ ਲਈ ਕੁਆਰਟੀਨ ਦੇ ਲਈ ਉਸਨੂੰ ਐਂਬੂਲੈਂਸ ਰਾਹੀਂ ਸ੍ਰੀ ਮੁਕਤਸਰ ਸਾਹਿਬ ਦੀ ਸਬ ਜੇਲ੍ਹ ’ਚ ਲਿਆਂਦਾ ਜਾ ਰਿਹਾ ਸੀ। ਸੁਰੱਖਿਆ ਦੇ ਲਈ ਐਂਬੂਲੈਂਸ ’ਚ ਤਿੰਨ ਏਐਸਆਈ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਏਐਸਆਈ ਗੁਰਚਰਨ ਸਿੰਘ ਫਰੀਦਕੋਟ ’ਚ ਹੀ ਐਂਬੂਲੈਂਸ ਤੋਂ ਉੱਤਰ ਗਏ ਅਤੇ ਘਰ ਚਲੇ ਗਏ। ਏਐਸਆਈ ਗਿਆਨ ਸਿੰਘ ਸਾਦਿਕ ’ਚ ਉੱਤਰ ਗਏ ਕਿਉਂਕਿ ਉਸਦਾ ਘਰ ਵੀ ਉੱਥੇ ਪੈਂਦਾ ਸੀ। ਹੁਣ ਇਕ ਏਐਸਆਈ ਰਣਜੀਤ ਸਿੰਘ ਅਤੇ ਚਾਲਕ ਬੇਅੰਤ ਸਿੰਘ ਹੀ ਬੰਦੀ ਅਮ੍ਰਿਤਪਾਲ ਨੂੰ ਸਥਾਨਕ ਸਬ ਜੇਲ੍ਹ ਲੈ ਕੇ ਪਹੁੰਚੇ। ਸਬ ਜੇਲ੍ਹ ਦੇ ਗੇਟ ’ਤੇ ਜਦ ਉਸਨੂੰ ਉਤਾਰਿਆ ਜਾ ਰਿਹਾ ਸੀ ਤਾਂ ਅਮ੍ਰਿਤਪਾਲ ਨੇ ਕਿਹਾ ਕਿ ਉਸਦਾ ਡਿਸਚਾਰਜ ਕਾਰਡ ਐਂਬੂਲੈਂਸ ਵਿੱਚ ਹੀ ਕਿਤੇ ਡਿੱਗ ਗਿਆ। ਉਹ ਅੰਦਰ ਲੱਭਣ ਲੱਗਾ। ਚਾਲਕ ਬੇਅੰਤ ਅਤੇ ਤੀਜਾ ਪੁਲਿਸ ਕਰਮੀ ਏਐਸਆਈ ਰਣਜੀਤ ਸਿੰਘ ਵੀ ਐਂਬੂਲੈਂਸ ਦੇ ਅੰਦਰ ਜਾ ਕੇ ਡਿਸਚਾਰਜ ਕਾਰਡ ਲੱਭਣ ਲੱਗੇ ਪਰ ਇਸ ਦੌਰਾਨ ਹੀ ਬੰਦੀ ਅਮਿ੍ਤਪਾਲ ਸਿੰਘ ਚਾਲਕ ਬੇਅੰਤ ਸਿੰਘ ਅਤੇ ਏਐਸਆਈ ਰਣਜੀਤ ਸਿੰਘ ਨੂੰ ਐਂਬੂਲੈਂਸ ’ਚ ਬੰਦ ਕਰਕੇ ਫਰਾਰ ਹੋ ਗਿਆ। ਥਾਣਾ ਸਦਰ ਪੁਲਿਸ ਨੇ ਐਂਬੂਲੈਂਸ ਚਾਲਕ ਬੇਅੰਤ ਸਿੰਘ ਦੇ ਬਿਆਨਾਂ ਤੇ ਏਐਸਆਈ ਗੁਰਚਰਨ ਸਿੰਘ, ਏਐਸਆਈ ਗਿਆਨ ਸਿੰਘ ਅਤੇ ਏਐਸਆਈ ਰਣਜੀਤ ਸਿੰਘ ਦੇ ਖਿਲਾਫ ਡਿਊਟੀ ’ਚ ਲਾਪਰਵਾਹੀ ਵਰਤਣ ਦਾ ਮਾਮਲਾ ਦਰਜ਼ ਕਰ ਲਿਆ। ਇਸਦੇ ਨਾਲ ਹੀ ਫਰਾਰ ਹੋਏ ਬੰਦੀ ਅਮ੍ਰਿਤਪਾਲ ਸਿੰਘ ਦੇ ਖਿਲਾਫ਼ ਵੀ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਫਰਾਰ ਹੋਏ ਬੰਦੀ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਉਸਦੀ ਭਾਲ ਕੀਤੀ ਜਾ ਰਹੀ ਹੈ।