ਮਾਨਸਾ, 21 ਅਕਤੂਬਰ : ਗੁਰਜੰਟ ਸਿੰਘ ਬਾਜੇਵਾਲੀਆ
ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੇ ਆਮ ਬਾਜ਼ਾਰਾਂ ਵਿੱਚ ਕਿਸੇ ਕਿਸਮ ਦੇ ਉੱਚੀ ਆਵਾਜ਼ ਵਾਲੇ ਪਟਾਖੇ, ਆਤਿਸ਼ਬਾਜ਼ੀ ਆਦਿ ਨੂੰ ਅਣ-ਅਧਿਕਾਰਤ ਤੌਰ ’ਤੇ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਓਹਾਰ ਨਜ਼ਦੀਕ ਆ ਰਿਹਾ ਹੈ ਅਤੇ ਇਸ ਤਿਓਹਾਰ ਨੂੰ ਮਨਾਉਣ ਲਈ ਆਮ ਤੌਰ ’ਤੇ ਲੋਕਾਂ ਵੱਲੋਂ ਪਟਾਖੇ, ਆਤਿਸ਼ਬਾਜ਼ੀ ਅਤੇ ਅਜਿਹੀ ਹੋਰ ਕਈ ਤਰ੍ਹਾਂ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਟਾਖ਼ਿਆਂ ਨਾਲ ਸ਼ੋਰ-ਸ਼ਰਾਬਾ ਪੈਦਾ ਹੁੰਦਾ ਹੈ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ।
ਉਨ੍ਹਾਂ ਹੁਕਮ ਵਿੱਚ ਕਿਹਾ ਕਿ ਪਾਬੰਦੀ ਅਤੇ ਸਾਵਧਾਨੀ ਤੋਂ ਬਿਨ੍ਹਾਂ ਹੁਣ ਵੀ ਆਮ ਜਨ-ਜੀਵਨ ਅਤੇ ਜਨ-ਸੰਪਤੀ ਨੂੰ ਖ਼ਤਰਾ ਹੋ ਸਕਦਾ ਹੈ। ਇਸ ਲਈ ਅਜਿਹੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਸ ਸੰਭਾਵਿਤ ਖ਼ਤਰੇ ਤੋਂ ਬਚਣ ਲਈ ਜ਼ਿਲ੍ਹਾ ਮਾਨਸਾ ਵਿੱਚ ਅਣ-ਅਧਿਕਾਰਤ ਸਥਾਨਾਂ ’ਤੇ ਪਟਾਖੇ, ਆਤਿਸ਼ਬਾਜ਼ੀ, ਬੰਬ ਦੇ ਬਣਾਉਣ, ਸਟੋਰ ਕਰਨ ਅਤੇ ਖਰੀਦਣ/ਵੇਚਣ ਦੀ ਰੋਕਥਾਮ ਕਰਨਾ ਅਤੀ ਜ਼ਰੂਰੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਅੰਦਰ ਛੋਟੇ ਪਟਾਖ਼ਿਆਂ ਨੂੰ ਵੇਚਣ ਲਈ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਨਵੀਂ ਅਨਾਜ ਮੰਡੀ, ਸਰਸਾ-ਬਰਨਾਲਾ ਰੋਡ ਮਾਨਸਾ, ਖਾਲਸਾ ਹਾਈ ਸਕੂਲ ਗਰਾਊਂਡ ਮਾਨਸਾ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਮਾਨਸਾ ਵਿਖੇੇ ਅਤੇ ਜੋਗਾ ਫੋਕਲ ਪੁਆਇੰਟ ਵਿਖੇ ਪਟਾਖੇ ਵੇਚੇ ਜਾ ਸਕਣਗੇ। ਇਸੇ ਤਰ੍ਹਾਂ ਭੀਖੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਗਰਾਊਂਡ ਭੀਖੀ ਅਤੇ ਰਾਮਲੀਲਾ ਗਰਾਊਂਡ ਭੀਖੀ, ਬੁਢਲਾਡਾ ਵਿਖੇ ਰਾਮਲੀਲਾ ਗਰਾਊਂਡ ਬੁਢਲਾਡਾ, ਬਰੇਟਾ ਵਿਖੇ ਰੇਲਵੇ ਲਾਈਨ ਪਲੇਟੀ ਕੋਲ ਤੇ ਪਸ਼ੂ ਮੇਲਾ ਗਰਾਊਂਡ ਵਿਖੇ ਅਤੇ ਬੋਹਾ ਵਿਖੇ ਪੰਜਾਬ ਮਹਾਂਵੀਰ ਧਰਮਸ਼ਾਲਾ ਵਿਖੇ ਪਟਾਖੇ ਵੇਚੇ ਜਾ ਸਕਣਗੇ।
ਇਸੇ ਤਰ੍ਹਾਂ ਸਰਦੂਲਗੜ੍ਹ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪਲੇਅ ਗਰਾਊਂਡ ਸਰਦੂਲਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪਲੇਅ ਗਰਾਊਂਡ ਫੱਤਾ ਮਾਲੋਕਾ ਵਿਖੇ ਅਤੇ ਝੁਨੀਰ ਵਿਖੇ ਬਾਬਾ ਧਿਆਨ ਦਾਸ ਮੇਲੇ ਵਾਲੀ ਜਗ੍ਹਾ (ਓਪਨ ਗਰਾਊਂਡ ਦੇ ਵਿੱਚ) ਝੁਨੀਰ ਵਿਖੇ ਪਟਾਖੇ ਵੇਚੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਵਿੱਚ ਉਪਰੋਕਤ ਨਿਰਧਾਰਿਤ ਕੀਤੀਆਂ ਗਈਆਂ ਥਾਵਾਂ ਤੋਂ ਇਲਾਵਾ ਹੋਰ ਕਿਸੇ ਥਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਵਿੱਦਿਅਕ ਸੰਸਥਾਵਾਂ ਤੇ ਹਸਪਤਾਲਾਂ, ਕੋਰਟਾਂ ਅਤੇ ਧਾਰਮਿਕ ਥਾਵਾਂ ਆਦਿ ਦੇ ਨਜ਼ਦੀਪ ਪਟਾਖੇ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ, ਇੰਡਸਟਰੀਜ਼ ਅਤੇ ਕਮਰਸ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਨਿਰਧਾਰਿਤ ਕੀਤੀਆਂ ਥਾਵਾਂ ’ਤੇ ਛੋਟੇ ਪਟਾਖ਼ੇ ਵੇਚਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਸਲਾ ਸ਼ਾਖਾ ਵੱਲੋਂ ਨਿਯਮਾਂ ਅਨੁਸਾਰ ਫੀਸ ਜਮ੍ਹਾ ਕਰਵਾਕੇ ਦੁਕਾਨਦਾਰ ਨੂੰ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ। ਉਪਰੋਕਤ ਅਨੁਸਾਰ ਨਿਰਧਾਰਤ ਕੀਤੀਆਂ ਥਾਵਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਪਟਾਖ਼ੇ ਵੇਚਣ ’ਤੇ ਪੂਰਨ ਮਨਾਹੀ ਹੋਵੇਗੀ।