ਪਿੰਡ ਫੱਤਾ ਮਾਲੋਕਾ ਅਤੇ ਸਰਦੂਲੇਵਾਲਾ ਵਿਖੇ ਦਿੱਤੀ ਆਫ਼ਤ ਪ੍ਰਬੰਧਨ ਸਬੰਧੀ ਸਿਖਲਾਈ

 

 

ਭੁਚਾਲ, ਹੜ੍ਹ ਅਤੇ ਹੋਰ ਕੁਦਰਤੀ ਆਫ਼ਤਾਂ ਦੌਰਾਨ ਬਚਾਅ ਦੇ ਸਾਧਨਾਂ ਤੋਂ ਕਰਵਾਇਆ ਜਾਣੂ

ਮਾਨਸਾ, 17 ਅਕਤੂਬਰ : ਗੁਰਜੰਟ ਸਿੰਘ ਬਾਜੇਵਾਲੀਆਂ 

  ਇੰਸਪੈਕਟਰ ਸ਼੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਬਠਿੰਡਾ ਤੋਂ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਜ਼ਿਲ੍ਹਾ ਮਾਨਸਾ ਵਿਖੇ ਆਫ਼ਤ ਪ੍ਰਬੰਧਨ ਦੀ ਸਿਖਲਾਈ ਦੇਣ ਸਬੰਧੀ ਮੁਹਿੰਮ ਤਹਿਤ ਅੱਜ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਫੱਤਾ ਮਾਲੋਕਾ ਅਤੇ ਸਰਦੂਲੇਵਾਲਾ ਵਿਖੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਬ ਇੰਸਪੈਕਟਰ ਰਾਜਿੰਦਰ ਸਿੰਘ ਵੀ ਮੌਜੂਦ ਸਨ।

         ਅੱਜ ਦੇ ਸਿਖਲਾਈ ਸੈਸ਼ਨ ਦੌਰਾਨ ਟੀਮ ਦੇ ਮਾਹਿਰਾਂ ਵੱਲੋਂ ਪਿੰਡ ਵਾਸੀਆਂ ਨੂੰ ਜ਼ਖ਼ਮੀ ਵਿਅਕਤੀ ਦੀ ਮੁੱਢਲੀ ਸਹਾਇਤਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਅਤੇ ਤੁਫਾਨ ਅਤੇ ਬਿਜਲੀ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਸਬੰਧੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਡੈਮੋ ਸਹਿਤ ਦਿਖਾਇਆ ਕਿ ਭੁਚਾਲ ਆਉਣ ਦੀ ਸਥਿਤੀ ਵਿੱਚ ਸਾਨੂੰ ਤੁਰੰਤ ਕੀ-ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ।

ਇਸ ਤੋਂ ਇਲਾਵਾ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਪਿੰਡ ਵਾਸੀਆਂ ਨੂੰ ਕੁਦਰਤੀ ਜਾਂ ਹੋਰ ਆਫ਼ਤਾਂ ਤੋਂ ਬਚਣ ਦੇ ਉਪਾਅ ਦੱਸੇ ਗਏ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਸਾਹਮਣੇ ਆ ਜਾਵੇ ਜੇਕਰ ਅਸੀਂ ਬਿਨ੍ਹਾਂ ਡਰੇ ਪੂਰੇ ਸੰਜਮ ਨਾਲ ਉਸਦੇ ਹੱਲ ਬਾਰੇ ਸੋਚਦੇ ਹਾਂ ਤਾਂ ਹਰ ਤਰ੍ਹਾਂ ਦੀ ਸਮੱਸਿਆ ਨਾਲ ਆਸਾਨੀ ਨਾਲ ਨਜਿੱਠ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਹੀ ਸਮੇਂ ਉਪਰ ਸਹੀ ਸਾਧਨਾਂ ਦੀ ਵਰਤੋਂ ਦੀ ਜਾਣਕਾਰੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਪਿੰਡ ਵਾਸੀਆਂ ਨੂੰ ਕੁਦਰਤੀ ਆਫ਼ਤਾਂ ਤੋਂ ਨਜਿੱਠਣ ਸਬੰਧੀ ਡੈਮੋ ਵੀ ਕਰ ਕੇ ਵਿਖਾਏ, ਕਿਉਂਕਿ ਕਿਸੇ ਵੀ ਚੀਜ਼ ਨੂੰ ਦੇਖ ਕੇ ਆਸਾਨੀ ਨਾਲ ਸਿੱਖਿਆ ਜਾ ਸਕਦਾ ਹੈ। ਇਸ ਮੌਕੇ ਐਨ.ਡੀ.ਆਰ.ਐਫ. ਦੇ ਟੀਮ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਫੱਤਾ ਮਾਲੋਕਾ ਅਤੇ ਸਰਦੂਲੇਵਾਲਾ ਦੇ ਵਸਨੀਕ ਮੌਜੂਦ ਸਨ।