ਮੇਰੇ ਆਊਟ ਹੋ ਜਾਣ ’ਤੇ ਵੀ ਸਾਡੀ ਟੀਮ ਜਿੱਤ ਸਕਦੀ ਸੀ ਮੈਚ : ਵੇਡ

ਦੁਬਈ  : ਹਸਨ ਅਲੀ ਨੇ ਮੈਥਿਊ ਵੇਡ ਦਾ ਕੈਚ ਛੱਡ ਦਿੱਤਾ ਸੀ। ਵੇਡ ਨੇ ਇਸ ਨੂੰ ਮੈਚ ਦੀ ਜਿੱਤ ਦਾ ਕਾਰਨ ਦੱਸੇ ਜਾਣ ’ਤੇ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੋਵੇਗਾ। ਮੈਨੂੰ ਨਹੀਂ ਲਗਦਾ ਕਿ ਕੈਚ ਛੱਡਣਾ ਟਰਨਿੰਗ ਪੁਆਇੰਟ ਸੀ। ਮੈਨੂੰ ਲਗਦਾ ਹੈ ਕਿ ਸਾਨੂੰ ਉਸ ਸਮੇਂ 18 ਜਾਂ 20 ਦੌੜਾਂ ਦੀ ਲੋੜ ਸੀ। ਮੈਚ ਉਸ ਸਮੇਂ ਸਾਡੇ ਪੱਖ ਵਿਚ ਹੋਣਾ ਸ਼ੁਰੂ ਹੋ ਗਿਆ ਸੀ। ਜੇ ਮੈਂ ਤਦ ਆਊਟ ਹੋ ਜਾਂਦਾ ਤਾਂ ਯਕੀਨੀ ਤੌਰ ’ਤੇ ਸਾਨੂੰ ਨਹੀਂ ਪਤਾ ਕਿ ਕੀ ਹੁੰਦਾ, ਪਰ ਮੈਨੂੰ ਪੂਰਾ ਯਕੀਨ ਸੀ ਕਿ ਪੈਟ ਕਮਿੰਸ ਕ੍ਰੀਜ਼ ’ਤੇ ਉਤਰ ਕੇ ਮਾਰਕਸ ਸਟੋਈਨਿਸ ਨਾਲ ਟੀਮ ਨੂੰ ਜਿੱਤ ਤਕ ਪਹੁੰਚਾ ਦਿੰਦੇ। ਮੈਂ ਇਹ ਨਹੀਂ ਕਹਾਂਗਾ ਕਿ ਕੈਚ ਛੱਡਣ ਕਾਰਨ ਅਸੀਂ ਮੈਚ ਜਿੱਤ ਲਿਆ ਸੀ। 33 ਸਾਲਾ ਵੇਡ ਨੇ ਆਸਟ੍ਰੇਲਿਆਈ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੇਰੇ ’ਤੇ ਕਾਫੀ ਵਿਸ਼ਵਾਸ ਦਿਖਾਇਆ। ਜੇ ਇਸ ਮੈਚ ਵਿਚ ਦੌੜਾਂ ਨਾ ਬਣਾਉਂਦਾ ਤਾਂ ਟੀਮ ’ਚੋਂ ਬਾਹਰ ਵੀ ਜਾ ਸਕਦਾ ਸੀ ਕਿਉਂਕਿ ਕੁਝ ਸਮੇਂ ਤੋਂ ਮੇਰਾ ਪ੍ਰਦਰਸ਼ਨ ਚੰਗਾ ਨਹੀਂ ਸੀ। ਅਜਿਹੇ ਮੈਚਾਂ ਵਿਚ ਤਜਰਬੇ ਨਾਲ ਮਦਦ ਮਿਲਦੀ ਹੈ। ਅਜਿਹੇ ਮੈਚਾਂ ਵਿਚ ਇਨ੍ਹਾਂ ਹਾਲਾਤ ਵਿਚ ਤਜਰਬਾ ਅਹਿਮ ਹੁੰਦਾ ਹੈ। ਹਾਲਾਂਕਿ ਅਸੀਂ ਕੁਝ ਸ਼ੁਰੂਆਤੀ ਵਿਕਟਾਂ ਗੁਆ ਦਿੱਤੀਆਂ ਸਨ ਪਰ ਡ੍ਰੈਸਿੰਗ ਰੂਮ ਵਿਚ ਕੋਈ ਘਬਰਾਹਟ ਨਹੀਂ ਸੀ। ਸਾਡੇ ਸਾਰੇ ਖਿਡਾਰੀ ਤਜਰਬੇਕਾਰ ਹਨ।