ਅਮਰੀਕਾ ’ਚ ਟਰੱਕ ’ਚੋਂ ਮਿਲੇ 67 ਪ੍ਰਵਾਸੀ

ਐਲਪਾਈਨ : ਅਮਰੀਕਾ ਦੇ ਪੱਛਮੀ ਟੈਕਸਾਸ ਵਿੱਚ ਪੁਲਿਸ ਨੇ ਇੱਕ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਆਪਣੇ ਟਰੱਕ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ 67 ਪ੍ਰਵਾਸੀਆਂ ਨੂੰ ਛੁਪਾ ਕੇ ਲਿਜਾ ਰਿਹਾ ਸੀ। ਦੋਸ਼ ਸਾਬਤ ਹੋਣ ’ਤੇ ਟਰੱਕ ਡਰਾਈਵਰ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਐ।

ਪੁਲਿਸ ਵੱਲੋਂ ਬਿਗ ਬੈਂਡ ਇਲਾਕੇ ਵਿੱਚ ਇੱਕ ਹਾਈਵੇਅ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇੱਕ ‘ਬਾਕਸ ਟਰੱਕ’ ਦੀ ਤਲਾਸ਼ੀ ਲਈ ਤਾਂ ਉਸ ਵਿੱਚ 67 ਤੋਂ ਵੱਧ ਪ੍ਰਵਾਸੀ ਮਿਲੇ।

ਇਸ ’ਤੇ ਪੁਲਿਸ ਨੇ ਟਰੱਕ ਦੇ ਡਰਾਈਵਰ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਪੱਛਮੀ ਟੈਕਸਾਸ ਦੇ ਇੱਕ ਅਟਾਰਨੀ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ, ਨਿਊ ਮੈਕਸੀਕੋ ਦੇ ਲਾਸ ਕਰੂਸ ਦੇ ਰਹਿਣ ਵਾਲੇ ਇੱਕ 22 ਸਾਲਾ ਟਰੱਕ ਡਰਾਈਵਰ ਜੇਵੀਅਰ ਡੁਆਰਟ ਨੂੰ ਪ੍ਰਵਾਸੀਆਂ ਅਤੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਮੁੜ ਪ੍ਰਵੇਸ਼ ਕਰਨ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਬਿਆਨ ਮੁਤਾਬਕ, ਬਾਰਡਰ ਪੈਟਰੋਲ ਟੀਮ ਦੇ ਅਧਿਕਾਰੀਆਂ ਨੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚ 67 ਪ੍ਰਵਾਸੀ ਲੁਕੇ ਹੋਏ ਸਨ, ਜਿਨ੍ਹਾਂ ਵਿੱਚੋਂ ਚਾਰ ਪ੍ਰਵਾਸੀਆਂ ਦੀ ਉਮਰ 8 ਤੋਂ 13 ਸਾਲ ਸੀ, ਜਦਕਿ ਤਿੰਨ ਪ੍ਰਵਾਸੀ ਅਪਰਾਧਕ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਸਨ, ਜਿਨ੍ਹਾਂ ’ਤੇ ਬਲਾਤਕਾਰ ਤੇ ਨਸ਼ਾ ਤਸਕਰੀ ਆਦਿ ਦੇ ਦੋਸ਼ ਲੱਗੇ ਹੋਏ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਵਾਸੀ ਟਰੱਕ ਵਿੱਚ ਪੂਰੀ ਤਰ੍ਹਾਂ ਫਸ ਕੇ ਬੈਠੇ ਹੋਏ ਨੇ।

ਬਿੱਗ ਬੈਂਡ ਸੈਕਟਰ ਦੇ ਚੀਫ਼ ਪੈਟਰੋਲ ਏਜੰਟ ਸੀਨ ਮੈਕਗੌਫਿਨ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਯੂਐਸ ਬਾਰਡਰ ਪੈਟਰੋਲ ਦੇ ਮਿਸ਼ਨ ਵਿੱਚ ਇੰਮੀਗ੍ਰੇਸ਼ਨ ਚੌਕੀਆਂ ਇੱਕ ਜ਼ਰੂਰੀ ਸਰੋਤ ਹਨ। ਇਸ ਦੇ ਚਲਦਿਆਂ ਇਨ੍ਹਾਂ ’ਤੇ ਪੂਰੀ ਚੌਕਸੀ ਵਰਤੀ ਜਾਂਦੀ ਹੈ। 67 ਪ੍ਰਵਾਸੀਆਂ ਸਣੇ ਗ੍ਰਿਫ਼ਤਾਰ ਕੀਤੇ ਗਏ 22 ਸਾਲਾ ਟਰੱਕ ਡਰਾਈਵਰ ਜੇਵੀਅਰ ਡੁਆਰਟ ਜੇਕਰ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 10 ਸਾਲ ਤੋਂ ਵੱਧ ਦੀ ਕੈਦ ਹੋ ਸਕਦੀ ਐ।

ਦੱਸ ਦੇਈਏ ਕਿ ਬਿਗ ਬੈਂਡ ਸੈਕਟਰ ਵਿੱਚ ਪ੍ਰਵਾਸੀਆਂ ਨਾਲ ਐਨਕਾਊਂਟਰ ਦੀਆਂ ਘਟਨਾਵਾਂ ਵਿੱਚ 2020 ਦੇ ਮੁਕਾਬਲੇ 2021 ਵਿੱਚ 332 ਫੀਸਦੀ ਵਾਧਾ ਹੋਇਆ ਹੈ। ਮਨੁੱਖੀ ਤਸਕਰ ਪ੍ਰਵਾਸੀਆਂ ਦੀ ਤਸਕਰੀ ਲਈ ਅਕਸਰ ਬਾਕਸ ਟਰੱਕਾਂ ਦੀ ਹੀ ਵਰਤੋਂ ਕਰਦੇ ਨੇ। ਅਜੇ ਪਿਛਲੇ ਮਹੀਨੇ ਹੀ ਮੈਕਸੀਕੋ ਦੇ ਅਧਿਕਾਰੀਆਂ ਨੂੰ ਅਮਰੀਕੀ ਸਰਹੱਦ ਦੇ ਨੇੜੇ ਮਿਲਟਰੀ ਚੈੱਕਪੁਆਇੰਟ ਤੋਂ 6 ਟਰੱਕਾਂ ਵਿੱਚੋਂ 652 ਪ੍ਰਵਾਸੀ ਮਿਲੇ ਸਨ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਅਮਰੀਕਾ ਦੇ ਲਾਰੇਡੋ ਸੈਕਟਰ ਵਿੱਚ ਬਾਰਡਰ ਪੈਟਰੋਲ ਏਜੰਟਾਂ ਨੇ ਇੱਕ ਟਰੱਕ ਵਿੱਚੋਂ 114 ਪ੍ਰਵਾਸੀ ਫ਼ੜ੍ਹੇ ਸਨ।