ਬਰੈਂਪਟਨ ਦੇ ਪੰਜਾਬੀ ਡਰਾਈਵਰ ਮਨਦੀਪ ਸਮਰਾ ’ਤੇ ਦੋਸ਼ ਆਇਦ

ਬਰੈਂਪਟਨ : ਕੈਲੇਡਨ ’ਚ ਤਿੰਨ ਗੱਡੀਆਂ ਦੀ ਟੱਕਰ ਕਾਰਨ ਵਾਪਰੇ ਹਾਦਸੇ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਬਰੈਂਪਟਨ ਦੇ ਪੰਜਾਬੀ ਡਰਾਈਵਰ ਮਨਦੀਪ ਸਮਰਾ ’ਤੇ ਖੁੱਲ੍ਹੀ ਸ਼ਰਾਬ ਤੇ ਹੈਰੋਇਨ ਰੱਖਣ ਅਤੇ ਡਰਾਈਵਿੰਗ ’ਚ ਅਣਗਹਿਲੀ ਵਰਤਣ ਦੇ ਦੋਸ਼ ਆਇਦ ਕੀਤੇ ਗਏ ਨੇ।

ਕੈਲੇਡਨ ਦੀ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ 10 ਨਵੰਬਰ ਨੂੰ ਸ਼ਾਮ 7 ਵਜੇ ਕੈਲੇਡਨ ਵਿੱਚ ਮੇਅਫੀਲਡ ਰੋਡ ਅਤੇ ਮੈਕ ਵੀਨ ਡਰਾਈਵ ਦੇ ਚੌਰਾਹੇ ਨੇੜੇ ਤਿੰਨ ਗੱਡੀਆਂ ਦੀ ਟੱਕਰ ਹੋ ਗਈ ਸੀ।

ਇਤਲਾਹ ਮਿਲਣ ’ਤੇ ਜਦੋਂ ਪੁਲਿਸ ਦੀ ਟੀਮ ਮੌਕੇ ’ਤੇ ਪੁੱਜੀ ਤਾਂ ਉੱਥੇ ਜਿਹੜੀਆਂ ਤਿੰਨ ਗੱਡੀਆਂ ਦੀਆਂ ਟੱਕਰ ਹੋਈ ਸੀ, ਉਨ੍ਹਾਂ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਦਕਿ ਇੱਕ ਗੱਡੀ ਦੇ ਡਰਾਈਵਰ ’ਤੇ ਸ਼ੱਕ ਹੋਣ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਖੁੱਲ੍ਹੀ ਸ਼ਰਾਬ ਤੇ ਹੈਰੋਇਨ ਬਰਾਮਦ ਹੋਈ। ਇਸ ਡਰਾਈਵਰ ਦੀ ਪਛਾਣ ਬਰੈਂਪਟਨ ਦੇ 40 ਸਾਲਾ ਵਾਸੀ ਮਨਦੀਪ ਸਮਰਾ ਵਜੋਂ ਹੋਈ ਐ। ਪੁਲਿਸ ਨੇ ਇਸ ਡਰਾਈਵਰ ’ਤੇ ਖੁੱਲ੍ਹੀ ਸ਼ਰਾਬ ਤੇ ਹੈਰੋਇਨ ਰੱਖਣ ਅਤੇ ਡਰਾਈਵਿੰਗ ’ਚ ਅਣਗਹਿਲੀ ਵਰਤਣ ਦੇ ਦੋਸ਼ ਆਇਦ ਕਰ ਦਿੱਤੇ ਹਨ। ਮਨਦੀਪ ਸਮਰਾ ਨੂੰ ਜਨਵਰੀ 2022 ’ਚ ਔਰੇਂਜਵਿੱਲ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਇਸ ਹਾਦਸੇ ਦੇ ਗਵਾਹ ਵਜੋਂ ਪੇਸ਼ ਹੋਣਾ ਚਾਹੁੰਦਾ ਹੈ ਤਾਂ ਉਹ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਕੈਲੇਡਨ ਨਾਲ ਫੋਨ ਨੰਬਰ : 905-584-2241 ’ਤੇ ਕਾਲ ਕਰ ਸਕਦਾ ਹੈ। ਜੇਕਰ ਕੋਈ ਗੁਪਤ ਤੌਰ ’ਤੇ ਇਸ ਸਬੰਧੀ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ ਕ੍ਰਾਈਮ ਸਟੌਪਰਜ਼ ਨਾਲ 1-800-222-ਟਿਪਸ (8477) ’ਤੇ ਸੰਪਰਕ ਕਰ ਸਕਦਾ ਹੈ।