ਅੰਮ੍ਰਿਤਰ ਹਵਾਈ ਅੱਡੇ ਤੋਂ 6 ਨਵੀਆਂ ਘਰੇਲੂ ਉਡਾਣਾਂ ਸ਼ੁਰੂ

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਗੋ-ਫਸਟ ਵੱਲੋਂ 6 ਨਵੀਆਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਜਿੰਨਾਂ ਵਿੱਚੋਂ ਦੋ ਉਡਾਣਾਂ ਮੁੰਬਈ, ਇਕ ਸ੍ਰੀ ਨਗਰ ਅਤੇ 3 ਉਡਾਣਾਂ ਦਿੱਲੀ ਲਈ ਹੋਣਗੀਆਂ ਜਿਸ ਨਾਲ ਅੰਮ੍ਰਿਤਸਰ ਦੀ ਆਰਥਿਕਤਾ ਨੂੰ ਇਕ ਨਵਾਂ ਹੁਲਾਰਾ ਮਿਲੇਗਾ ਅਤੇ ਜਲਦ ਹੀ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਉਡਾਣਾਂ ਵੀ ਸੁਰੂ ਹੋ ਜਾਣਗੀਆਂ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਗੁਰਜੀਤ ਸਿੰਘ ਔਜਲਾ ਸੰਸਦ ਮੈਂਬਰ ਨੇ ਅੰਮ੍ਰਿਤਸਰ ਤੋਂ ਸ੍ਰੀ ਨਗਰ ਨੂੰ ਚੱਲਣ ਵਾਲੀ ਪਹਿਲੀ ਉਡਾਣ ਮੌਕੇ ਗੱਲਬਾਤ ਕਰਦਿਆਂ ਕੀਤਾ। ਔਜਲਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਹੋ ਗਈਆਂ ਸਨ ਜਿਸ ਕਰਕੇ ਅੰਮ੍ਰਿਤਸਰ ਦੀ ਆਰਥਿਕਤਾ ਨੂੰ ਕਾਫੀ ਝਟਕਾ ਲੱਗਾ ਸੀ ਪਰ ਹੁਣ ਇਹ ਉਡਾਣਾਂ ਦੁਬਾਰਾ ਸ਼ੁਰੂ ਹੋਣ ਨਾਲ ਜਿਲ੍ਹੇ ਦੀ ਆਰਥਿਕਤਾ ਵਿੱਚ ਕਾਫੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਗੋ ਫਸਟ ਦੇ ਮਾਲਕ ਮੋਹਿਤ ਕੁਮਾਰ ਤੇ ਸੁਮਿਤ ਕੁਮਾਰ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਅੰਤਰਰਾਸ਼ਟਰੀ ਉਡਾਣਾਂ ਵੀ ਸ਼ੁਰੂ ਕਰ ਦਿੱਤੀਆ ਜਾਣਗੀਆਂ।
ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਇਕ ਧਾਰਮਿਕ ਸਥਾਨ ਹੋਣ ਕਰਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਥੇ ਆਉਂਦੇ ਹਨ ਇਸ ਲਈ ਬੰਦ ਹੋਈਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਜਲਦ ਹੀ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜੀਆਂ ਅੰਤਰਰਾਸ਼ਟਰੀ ਉਡਾਣਾਂ ਬੰਦ ਹੋਈਆਂ ਸਨ ਉਹ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਜਲਦ ਹੀ ਇਹ ਉਡਾਣਾਂ ਵੀ ਸ਼ੁਰੂ ਹੋ ਜਾਣਗੀਆਂ। ਔਜਲਾ ਨੇ ਗੋ ਫਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਪਹਿਲਕਦਮੀ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਏਅਰਪੋਰਟ ਦੇ ਡਾਇਰੈਕਟਰ ਵਿਪਨਜੀਤ, ਅਮਨਜੀਤ ਸਿੰਘ ਸਟੇਸ਼ਨ ਹੈਡ ਤੋਂ ਇਲਾਵਾ ਏਅਰਪੋਰਟ ਅਥਾਰਟੀ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।