ਪੰਜਾਬ ਵਿਚ ਰਾਮੂਵਾਲੀਆ ਮੁੜ ਸੁਰਜੀਤ ਕਰਨਗੇ ਲੋਕ ਭਲਾਈ ਪਾਰਟੀ

ਲੁਧਿਆਣਾ : ਛੇ ਸਾਲ ਉਤਰ ਪ੍ਰਦੇਸ਼ ਵਿਚ ਸਿਆਸਤ ਕਰਨ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਪੰਜਾਬ ਪਰਤ ਰਹੇ ਹਨ। 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਵੀ ਅਪਣੀ ਲੋਕ ਭਲਾਈ ਪਾਰਟੀ ਮੁੜ ਸੁਰਜੀਤ ਕਰ ਸਕਦੇ ਹਨ। ਇਸ ਦੇ ਲਈ ਉਹ ਸਹੀ ਸਮੇਂ ਦੀ ਉਡੀਕ ਕਰ ਰਹੇ ਹਨ। ਉਹ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਹਨ ਅਤੇ ਅਕਸਰ ਅਲੱਗ ਅਲੱਗ ਸਮੇਂ ’ਤੇ ਸਿਆਸੀ ਲੋਕਾਂ ਨਾਲ ਮਿਲ ਰਹੇ ਹਨ।
ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਚਲ ਰਿਹਾ ਹੈ ਅਤੇ ਕਿਸਾਨ ਨੇਤਾਵਾਂ ਨੇ ਕਿਸੇ ਵੀ ਤਰ੍ਹਾਂ ਦਾ ਸਿਆਸੀ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਹੈ। ਇਸ ਲਈ ਉਹ ਚੁੱਪ ਹਨ ਅਤੇ ਇਸ ’ਤੇ ਗੱਲਬਾਤ ਨਹੀਂ ਕਰ ਰਹੇ, ਪ੍ਰੰਤੂ ਸਹੀ ਸਮਾਂ ਆਉਂਦੇ ਹੀ ਉਹ ਇਸ ਦਾ ਐਲਾਨ ਵੀ ਕਰ ਦੇਣਗੇ। ਪੰਜਾਬ ਸਿਆਸਤ ਵਿਚ ਪਹਿਲਾਂ ਹੀ ਕਈ ਦਲ ਅਤੇ ਪਾਰਟੀਆਂ ਹੋ ਗਈਆਂ ਹਨ। ਇਸ ਵਾਰ ਚੋਣਾਂ ਜਿੱਤਣ ਲਈ ਸਾਰੀਆਂ ਪਾਰਟੀਆਂ ਜ਼ੋਰ ਲਗਾ ਰਹੀਆਂ ਹਨ।
ਦੱਸ ਦੇਈਏ ਕਿ ਰਾਮੂਵਾਲੀਏ ਦੀ ਐਂਟਰੀ ਨਾਲ ਇਸ ਵਾਰ ਚੋਣਾਂ ਹੋਰ ਦਿਲਚਸਪ ਹੋ ਜਾਣਗੀਆਂ, ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫ਼ਾ ਦੇ ਕੇ ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਸਮੇਂ ਉਥੇ ਚਲੇ ਗਏ ਸੀ ਹੁਣ ਚੋਣਾਂ ਤੋਂ ਪਹਿਲਾਂ ਉਥੋਂ ਵੀ ਆਉਣਾ ਚਾਹ ਰਹੇ ਹਨ।
ਬਲਵੰਤ ਸਿੰਘ ਰਾਮੂਵਾਲੀਆ ਵਲੋਂ 1999 ਵਿਚ ਲੋਕ ਭਲਾਈ ਪਾਰਟੀ ਦਾ ਗਠਨ ਕੀਤਾ ਗਿਆ ਸੀ। 2012 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2011 ਵਿਚ ਉਨ੍ਹਾਂ ਨੇ ਪਾਰਟੀ ਦਾ ਰਲੇਵਾਂ ਸ਼੍ਰੋਮਣੀ ਅਕਾਲੀ ਦਲ ਵਿਚ ਕਰ ਦਿੱਤਾ ਸੀ। ਉਹ ਮੋਹਾਲੀ ਤੋਂ ਸ਼੍ਰੋਅਦ ਦੀ ਸੀਟ ’ਤੇ ਚੋਣ ਲੜੇ ਅਤੇ ਹਾਰ ਗਏ ਸੀ। ਪ੍ਰੰਤੂ ਉਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਸੀ। ਇਸ ਤੋਂ ਬਾਅਦ ਉਹ ਉਤਰ ਪ੍ਰਦੇਸ਼ ਵਿਚ ਮੁਲਾਇਮ ਸਿੰਘ ਯਾਦਵ ਦੀ ਬੇਨਤੀ ’ਤੇ ਉਤਰ ਪ੍ਰਦੇਸ਼ ਚਲੇ ਗਏ ਅਤੇ ਉਥੇ ਉਨ੍ਹਾਂ ਜੇਲ੍ਹ ਮੰਤਰੀ ਬਣਾ ਦਿੱਤਾ ਗਿਆ।
ਹੁਣ ਉਹ ਉਥੇ ਦੀ ਸਿਆਸਤ ਵਿਚ ਸਰਗਰਮ ਸੀ। 2022 ਚੋਣਾਂ ਤੋਂ ਪਹਿਲਾਂ ਉਹ ਫੇਰ ਤੋਂ ਪੰਜਾਬ ਆ ਗਏ ਹਨ ਅਤੇ ਅਪਣੀ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ ਅਤੇ ਇਸ ਦੀ ਸੰਭਾਵਨਾਵਾਂ ਤਲਾਸ਼ ਰਹੇ ਹਨ। ਰਾਮੂਵਾਲੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਦ ਦੇਵਗੌੜਾ ਸਰਕਾਰ ਵਿਚ ਉਹ ਕੇਂਦਰੀ ਸਿਹਤ ਰਾਜ ਮੰਤਰੀ ਬਣੇ ਤਦ ਵੀ ਮੁਲਾਇਮ ਸਿੰਘ ਯਾਦਵ ਨੇ ਹੀ ਉਨ੍ਹਾਂ ਸਾਂਸਦ ਨਾ ਹੁੰਦੇ ਹੋਏ ਵੀ ਕੇਂਦਰ ਵਿਚ ਅਹਿਮ ਸਥਾਨ ਦਿਵਾਇਆ ਸੀ।
ਰਾਮੂਵਾਲੀਆ ਨੇ 1996 ਵਿਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜਿਆ ਸੀ ਅਤੇ ਕੇਂਦਰ ਵਿਚ ਮੰਤਰੀ ਬਣੇ ਸੀ। ਉਨ੍ਹਾਂ ਦੇਵਗੌੜਾ ਸਰਕਾਰ ਵਿਚ ਮੁਲਾਇਮ ਸਿੰਘ ਯਾਦਵ ਨੇ ਹੀ ਮੰਤਰੀ ਬਣਾਇਆ ਸੀ ਅਤੇ ਉਹ ਛੇ ਸਾਲ ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ ਹਨ।