ਨਿਰੰਜਨ ਸ਼ਰਮਾ ਸੇਖਾ ਨੂੰ ‘ਤੀਸਰਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ’ ਕੀਤਾ ਪ੍ਰਦਾਨ
-ਸ਼ਰਮਾ ਦੇ ਗ੍ਰਹਿ ਪਿੰਡ ਸੇਖਾ ਵਿਖੇ ਕਰਵਾਇਆ ਸਨਮਾਨ ਸਮਾਰੋਹ
-‘ਸ਼ਬਦ ਤ੍ਰਿੰਜਣ’ ਦਾ ਨਵਾਂ ਅੰਕ ਲੋਕ ਅਰਪਣ ਕੀਤਾ ਤੇ ਹੋਇਆ ‘ਹਾਸਰਸ’ ਕਵੀ ਦਰਬਾਰ
ਬਰਨਾਲਾ, 30 ਸਤੰਬਰ ਕਰਨਪ੍ਰੀਤ ਕਰਨ ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈਲਫੇਅਰ ਐਂਡ ਕਲਚਰਲ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ (ਰਜਿ.) ਮੋਗਾ ਦੇ ਸਹਿਯੋਗ ਨਾਲ ਇੱਥੋਂ ਨੇੜਲੇ ਪਿੰਡ ਸੇਖਾ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ‘ਤੀਸਰਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ’ ਪ੍ਰਸਿੱਧ ਹਾਸ ਵਿਅੰਗਕਾਰ ਨਿਰੰਜਨ ਸ਼ਰਮਾ ਸੇਖਾ (92)ਨੂੰ ਉਨ੍ਹਾਂ ਦੇ ਘਰ ਪੁੱਜ ਕੇ ਪ੍ਰਦਾਨ ਕੀਤਾ ਗਿਆ। ਇਸ ਮੌਕੇ ਮੈਗਜ਼ੀਨ ਦਾ ਨਵਾਂ ਅੰਕ ਲੋਕ ਅਰਪਣ ਵੀ ਕੀਤਾ ਗਿਆ ਅਤੇ ‘ਹਾਸਰਸ’ ਕਵੀ ਦਰਬਾਰ ਵੀ ਹੋਇਆ।
ਪੰਜਾਬੀ ਹਾਸ ਵਿਅੰਗ ਅਕਾਦਮੀ ਪ੍ਰਧਾਨ ਕੇ.ਐੱਲ.ਗਰਗ ਦੀ ਪ੍ਰਧਾਨਗੀ ਵਿੱਚ ਚੱਲੇ ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਸਾਹਿਤਕਾਰ ਡਾ.ਜੋਗਿੰਦਰ ਸਿੰਘ ਨਿਰਾਲਾ (ਸੰਪਾਦਕ ‘ਮੁਹਾਂਦਰਾ’ ਮੈਗਜ਼ੀਨ) ਸਨ। ਪ੍ਰਧਾਨਗੀ ਮੰਡਲ ਵਿੱਚ ਸੁਖਦਰਸ਼ਨ ਗਰਗ ਪ੍ਰਧਾਨ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਨਾਲ ਅੱਜ ਦੇ ਸਮਾਗਮ ਦੇ ਕੇਂਦਰ-ਬਿੰਦੂ ਵਿਅੰਗਕਾਰ ਨਿਰੰਜਨ ਸ਼ਰਮਾ ਸੇਖਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਦੇਵਕੀ ਦੇਵੀ ਸ਼ੁਸ਼ੋਭਿਤ ਸਨ।
ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਜਗਦੀਸ਼ ਰਾਏ ਕੁਲਰੀਆਂ ਨੇ ਸੁਸਾਇਟੀ ਦੇ ਪ੍ਰਧਾਨ ਅਤੇ ‘ਸ਼ਬਦ ਤ੍ਰਿੰਜਣ’ ਦੇ ਸੰਪਾਦਕ ਮੰਗਤ ਕੁਲਜਿੰਦ ਨੂੰ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿਣ ਲਈ ਬੁਲਾਇਆ।ਕੁਲਜਿੰਦ ਨੇ ਆਏ ਮਹਿਮਾਨਾਂ ਦੇ ਚਰਨ ਕਮਲਾਂ ਨੂੰ ਸਿਰ ਮੱਥੇ ਮੰਨਦਿਆਂ ਇਸ ਪੁਰਸਕਾਰ ਬਾਰੇ ਜਾਣ ਪਹਿਚਾਣ ਕਰਵਾਈ। ਬਠਿੰਡਾ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਪ੍ਰਧਾਨਗੀ ਮੰਡਲ ਵੱਲੋਂ, ਪੰਜਾਬੀ ਦੇ ਬਾਬਾ ਬੋਹੜ ਵਿਅੰਗਕਾਰ ਸ਼੍ਰੀ ਨਿਰੰਜਨ ਸ਼ਰਮਾ ਸੇਖਾ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ(ਸਨਮਾਨ-ਪੱਤਰ,ਸਨਮਾਨ-ਚਿੰਨ੍ਹ,ਲੋਈ ਤੋਂ ਇਲਾਵਾ ਨਕਦ ਰਾਸ਼ੀ ਇਸ ਦਾ ਹਿੱਸਾ ਹਨ)। ਪਹਿਲਾਂ ਅਮਰਜੀਤ ਸਿੰਘ ਪੇਂਟਰ ਸਟੇਟ-ਐਵਾਰਡੀ ਨੇ ਉਹਨਾਂ ਲਈ ਸਨਮਾਨ-ਪੱਤਰ ਪੜ੍ਹਿਆ। ਸੇਖਾ ਜੀ ਦੀ ਧਰਮਪਤਨੀ ਸ਼੍ਰੀਮਤੀ ਦੇਵਕੀ ਦੇਵੀ ਅਤੇ ਉਹਨਾਂ ਦਾ ਸਾਰਾ ਪਰਿਵਾਰ ਇਸ ਮੌਕੇ ਅੰਗ-ਸੰਗ ਸੀ। ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਜਗਦੀਸ਼ ਰਾਏ ਕੁਲਰੀਆਂ ਨੂੰ ‘ਅਨੁਵਾਦ ਪੁਰਸਕਾਰ-2023’ ਮਿਲਣ ‘ਤੇ ਆਦਾਰਾ ਸ਼ਬਦ ਤ੍ਰਿੰਜਣ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਉਹਨਾਂ ਦਾ ਮਾਨ ਵਧਾਇਆ ਗਿਆ।ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਵੀ ਨਿਰੰਜਨ ਸ਼ਰਮਾ ਸੇਖਾ ਨੁੰ ਉਹਨਾਂ ਦੀਆਂ ਜ਼ਿੰਦਗੀ ਭਰ ਦੀਆਂ ਸਾਹਿਤਕ ਸੇਵਾਵਾਂ ਲਈ ਸਨਮਾਨਿਤ ਕੀਤਾ।ਨਿਰੰਜਨ ਸ਼ਰਮਾ ਸੇਖਾ ਨੇ ਹਾਸ-ਵਿਅੰਗ ਦੀ ਮਹਾਨਤਾ ਦਾ ਜ਼ਿਕਰ ਕੀਤਾ ਅਤੇ ਕਰਦਿਆਂ ਸਨਮਾਨ ਸਮਾਰੋਹ ‘ਚ ਸ਼ਿਰਕਤ ਕਰ ਰਹੇ ਸਾਰੇ ਵਿਦਵਾਨਾਂ, ਵਿਅੰਗਕਾਰਾਂ, ਸਾਹਿਤਕਾਰਾਂ ਅਤੇ ਰਿਸ਼ਤੇਦਾਰਾ ਦਾ ਧੰਨਵਾਦ ਕੀਤਾ। ਸੇਖਾ ਦੀ ਪੋਤਰੀ ਰਮਨਪ੍ਰੀਤ ਸ਼ਰਮਾ ਨੇ ਆਪਣੇ ਦਾਦਾ ਜੀ ਦੀ ਜ਼ਿੰਦਗੀ ਭਰ ਦੀ ਘਾਲਣਾ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਆਪਣਾ ਆਦਰਸ਼ ਮੰਨਿਆ।
ਪ੍ਰਧਾਨਗੀ ਮੰਡਲ ਵੱਲੋਂ ਸ਼ਬਦ ਤ੍ਰਿੰਜਣ ਦਾ ਨਵਾਂ ਅੰਕ ਅਤੇ ਡਾ. ਸਾਧੂ ਰਾਮ ਲੰਗੇਆਣਾ ਦਾ ਤਰਕਸ਼ੀਲ ਬਾਲ ਨਾਵਲ ‘ਭੂਤਾਂ ਦੇ ਸਿਰਨਾਵੇਂ’ ਲੋਕ-ਅਰਪਣ ਕੀਤੇ ਗਏ।ਸੇਖਾ ਜੀ ਨੂੰ ਵਧਾਈ ਦਿੰਦਿਆਂ, ਵਿਅੰਗ-ਸਮਰਾਟ ਕੇ.ਐਲ.ਗਰਗ ਨੇ ਹਾਸ ਵਿਅੰਗ ਅਕਾਦਮੀ ਦੀ ਜਾਣ ਪਛਾਣ ਕਰਵਾਈ ਅਤੇ ਇਸ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਤੇ ਨਾਲ ਹੀ ਉਹਨਾਂ ਪੰਜਾਬੀ ਹਾਸ ਵਿਅੰਗ ਲਈ ਦਿੱਤੇ ਜਾਂਦੇ ਐਵਾਰਡਾਂ ਦੀ ਜਾਣਕਾਰੀ ਦਿੱਤੀ।
ਡਾ.ਜੋਗਿੰਦਰ ਸਿੰਘ ਨਿਰਾਲਾ, ਭੋਲਾ ਸਿੰਘ ਸੰਘੇੜਾ,ਰਾਮ ਸਰੂਪ ਬਰਨਾਲਾ, ਦਵਿੰਦਰ ਬਰਨਾਲਾ ਅਤੇ ਹੋਰ ਕਈ ਸਤਿਕਾਰਿਤ ਵਿਦਵਾਨ ਸਾਹਿਕਾਰਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼ਰਮਾ ਜੀ ਨੂੰ ਪੁਰਸਕਾਰ ਮਿਲਣ ਤੇ ਮੁਬਾਰਕਾਂ ਦਿੱਤੀਆਂ।
ਅੱਜ ਦੇ ਸਮਾਗਮ ਵਿੱਚ ਕਰਵਾਏ ਗਏ ਹਾਸ ਵਿਅੰਗ ਕਵੀ ਦਰਬਾਰ ਵਿੱਚ ਬਠਿੰਡਾ ਅਤੇ ਆਸੇ ਪਾਸੇ ਦੇ ਇਲਾਕੇ ਤੋਂ ਆਏ ਕਵੀਆਂ ਨੇ ਹਿੱਸਾ ਲਿਆ। ਮਾਸਟਰ ਜਗਨਨਾਥ ਸਕੱਤਰ ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ ਨੇ ਕਵੀ ਦਰਬਾਰ ਦਾ ਸੰਚਾਲਨ ਕੀਤਾ, ਰਮੇਸ਼ ਗਰਗ, ਮਾਲਵਿੰਦਰ ਸ਼ਾਇਰ , ਸੁਖਦੇਵ ਸਿੰਘ ਔਲਖ, ਮੁਖਤਿਆਰ ਅਲਾਲ, ਇਕਬਾਲ ਸਿੰਘ ਪੀ.ਟੀ.ਆਈ, ਪ੍ਰਿੰ.ਦਰਸ਼ਨ ਸਿੰਘ ਬਰੇਟਾ,ਡਾ.ਸਾਧੂ ਰਾਮ, ਜਸਵੀਰ ਸ਼ਰਮਾ ਦੱਦਾਹੂਰ, ਸਾਗਰ ਸਿੰਘ ਸਾਗਰ,ਜਤਿੰਦਰ ਪਾਲ ਸਿੰਘ, ਮਮਤਾ ਸੇਤੀਆ ਸੇਖਾ, ਤੇਜਿੰਦਰ ਚੰਡਿਹੋਕ,ਕੁਲਵਿੰਦਰ ਕੌਸ਼ਲ ਸੁਖਦਰਸ਼ਨ ਗਰਗ,ਮੰਗਤ ਕੁਲਜਿੰਦ, ਗੁਰਨੈਬ ਸਾਜਨ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਦੇ ਰੰਗ ਬਿਖੇਰੇ। ਇਸ ਮੌਕੇ ਪੱਤਰਕਾਰ ਗੁਰਨੈਬ ਸਾਜਨ ਦਿਉਣ , ਰਾਜਿੰਦਰ ਰਾਜੂ, ਅੰਮ੍ਰਿਤਪਾਲ, ਰੋਹਿਤ ਸ਼ਰਮਾ ਅਤੇ ਸਾਰੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਤਵੰਤੇ ਵੀ ਹਾਜ਼ਰ ਸਨ।